ਨਵੀਂ ਦਿੱਲੀ, 18 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਮੰਡਲ ਖੇਡਾਂ-2022 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਬੁੱਧਵਾਰ ਨੂੰ ਵਰਚੁਅਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਇਹ ਜਾਣਕਾਰੀ ਦਿੱਤੀ। ਵਰਚੁਅਲੀ ਗੱਲਬਾਤ ਵਿੱਚ ਅਥਲੀਟਾਂ ਦੇ ਨਾਲ ਨਾਲ ਕੋਚ ਵੀ ਸ਼ਾਮਲ ਹੋਣਗੇ। ਪੀਐੱਮਓ ਦਫ਼ਤਰ ਨੇ ਕਿਹਾ ਕਿ ਇਹ ਗੱਲਬਾਤ ਕਿਸੇ ਵੱਡੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਅਥਲੀਟਾਂ ਨੂੰ ਪ੍ਰੇਰਿਤ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਮੋਦੀ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟਾਂ ਦੇ ਦਲ ਦੇ ਨਾਲ ਨਾਲ ਪੈਰਾ-ਅਥਲੀਟਾਂ ਨਾਲ ਵੀ ਗੱਲਬਾਤ ਕੀਤੀ ਸੀ। ਖੇਡ ਮੁਕਾਬਲਿਆਂ ਦੌਰਾਨ ਵੀ ਮੋਦੀ ਨੇ ਅਥਲੀਟਾਂ ਦੀ ਪ੍ਰਗਤੀ ਵਿੱਚ ਡੂੰਘੀ ਦਿਲਚਸਪੀ ਦਿਖਾਈ ਸੀ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੀ ਸਫਲਤਾ ਅਤੇ ਸੁਹਿਰਦ ਯਤਨਾਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ ਹੋ ਰਹੀਆਂ ਹਨ।