ਕੋਲਕਾਤਾ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਓਲੰਪਿਕ ਤਮਗਾਧਾਰੀ ਨਿਸ਼ਾਨੇਬਾਜ਼ ਰਾਜਯਵਰਧਨ ਸਿੰਘ ਰਾਠੌੜ ਦੇ ਖੇਡ ਮੰਤਰੀ ਬਣਨ ਨਾਲ ਕਾਫੀ ਉਤਸ਼ਾਹਤ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਖੇਡਾਂ ‘ਚ ਨਵੀਆਂ ਉਚਾਈਆਂ ਤਕ ਲੈ ਜਾ ਸਕਦੇ ਹਨ। ਦੋ ਵਾਰ ਦੇ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ਵਾਲੀ ਟੀਮ ਦਾ ਹਿੱਸਾ ਰਹੀ ਇਸ ਕ੍ਰਿਕਟਰ ਨੇ ਇੱਥੇ ਇਕ ਪ੍ਰੋਗਰਾਮ ਤੋਂ ਬਾਅਦ ਕਿਹਾ, ”ਖਿਡਾਰੀ ਹੋਣ ਦੇ ਨਾਤੇ ਅਸੀਂ ਸਾਰੇ ਉਨ੍ਹਾਂ ਨਾਲ ਜੁੜਾਅ ਮਹਿਸੂਸ ਕਰ ਸਕਦੇ ਹਾਂ ਅਤੇ ਮੈਂ ਇਸ ਤੋਂ ਬਹੁਤ ਉਤਸ਼ਾਹਤ ਹਾਂ।”

ਰਾਠੌੜ ਨੇ 2004 ਏਥੇਂਸ ਓਲੰਪਿਕ ‘ਚ ਡਬਲ ਟ੍ਰੈਪ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਰਾਠੌੜ ਦੇ ਬਾਰੇ ‘ਚ ਕਿਹਾ, ”ਉਹ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਗੁਜ਼ਰ ਚੁੱਕੇ ਹਨ ਅਤੇ ਇਕ ਐਥਲੀਟ ਨੂੰ ਹੋਣ ਵਾਲੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉੱਚ ਪੱਧਰ ‘ਤੇ ਤਮਗਾ ਜਿੱਤਣ ‘ਚ ਕਿੰਨੀ ਮਿਹਨਤ ਲਗਦੀ ਹੈ।” ਉਨ੍ਹਾਂ ਕਿਹਾ, ”ਅਸੀਂ ਯਕੀਨੀ ਤੌਰ ‘ਤੇ ਉਮੀਦ ਕਰਦੇ ਹਾਂ ਕਿ ਉਹ ਬੁਨਿਆਦੀ ਢਾਂਚੇ ‘ਚ ਸੁਧਾਰ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਮੌਜੂਦਾ ਸਹੂਲਤਾਂ ਬਿਹਤਰ ਰਹਿਣ ਤਾਂ ਜੋ ਭਾਰਤੀ ਖੇਡਾਂ ਨਵੀਆਂ ਉੱਚਾਈਆਂ ਤੱਕ ਪਹੁੰਚਣ।”