ਓਟਵਾ, 23 ਨਵੰਬਰ  : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਆਪਣੀ ਲਿਬਰਲ ਪਾਰਟੀ ਦਾ ਏਜੰਡਾ ਰਾਜ ਭਾਸ਼ਣ ਰਾਹੀਂ ਪੇਸ਼ ਕਰਨਗੇ।
ਲਿਬਰਲਾਂ ਨੂੰ ਦੂਜੀ ਵਾਰੀ ਘੱਟ ਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਣ ਤੋਂ ਬਾਅਦ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇਹ ਰਾਜ ਭਾਸ਼ਣ ਦੇਣ ਦਾ ਮੌਕਾ ਮਿਲਿਆ ਹੈ ਤੇ ਇਸ ਨੂੰ ਕਾਫੀ ਨਿੱਕਾ ਰੱਖੇ ਜਾਣ ਦੀ ਕੋਸਿ਼ਸ਼ ਕੀਤੀ ਜਾਵੇਗੀ। ਲਿਬਰਲਾਂ ਵੱਲੋਂ ਕੋਈ ਨਵੇਂ ਦਾਅਵੇ ਨਹੀਂ ਕੀਤੇ ਜਾਣ ਵਾਲੇ, ਨਾ ਹੀ ਉਹ ਕੋਈ ਸਰਪ੍ਰਾਈਜ਼ ਹੀ ਦੇਣਾ ਚਾਹੁੰਦੇ ਹਨ। ਜਿਹੜਾ ਕੁੱਝ ਲਿਬਰਲਾਂ ਵੱਲੋਂ ਚੋਣਾਂ ਦੌਰਾਨ ਆਪਣੇ ਪਲੇਟਫਾਰਮ ਵਿੱਚ ਆਖਿਆ ਗਿਆ ਸੀ ਉਹੋ ਕੁੱਝ ਇਸ ਭਾਸ਼ਣ ਵਿੱਚ ਬੋਲਿਆ ਜਾਵੇਗਾ।
ਇਹ ਰਾਜ ਭਾਸ਼ਣ ਕਿਸੇ ਹੋਰ ਵੱਲੋਂ ਨਹੀਂ ਸਗੋਂ ਕੈਨੇਡਾ ਦੇ ਗਵਰਨਰ ਜਨਰਲ ਦੇ ਅਹੁਦੇ ਉੱਤੇ ਵਿਰਾਜਮਾਨ ਪਹਿਲੀ ਇੰਡੀਜੀਨਸ ਮਹਿਲਾ ਮੈਰੀ ਸਾਈਮਨ ਵੱਲੋਂ ਦਿੱਤਾ ਜਾਵੇਗਾ।ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਾਈਮਨ ਵੱਲੋਂ ਸੈਨੇਟ ਵਿੱਚ ਅਹਿਮ ਹਸਤੀਆਂ, ਸੈਨੇਟਰਜ਼ ਤੇ ਗਿਣੇ ਚੁਣੇ ਐਮਪੀਜ਼ ਸਾਹਮਣੇ ਹੀ ਇਹ ਭਾਸ਼ਣ ਦਿੱਤਾ ਜਾਵੇਗਾ। ਇਸ ਦੌਰਾਨ ਉਚੇਚਾ ਧਿਆਨ ਕੋਵਿਡ-19 ਖਿਲਾਫ ਲੜਾਈ ਨੂੰ ਖ਼ਤਮ ਕਰਨ, ਵਧੇਰੇ ਲਚੀਲਾ ਤੇ ਗ੍ਰੀਨ ਅਰਥਚਾਰਾ ਲਿਆਉਣ ਵੱਲ ਦਿੱਤਾ ਜਾਵੇਗਾ।
ਰਾਜ ਭਾਸ਼ਣ ਵਿੱਚ ਬਹੁਤਾ ਵੇਰਵਾ ਨਹੀਂ ਦਿੱਤਾ ਜਾਂਦਾ ਤੇ ਇਸ ਵਾਰੀ ਵੀ ਕੋਈ ਖਾਸ ਜਾਣਕਾਰੀ ਇਸ ਤੋਂ ਹਾਸਲ ਹੋਣ ਦੀ ਉਮੀਦ ਨਹੀਂ ਹੈ।ਸਰਕਾਰ ਦੇ ਹਾਊਸ ਲੀਡਰ ਮਾਰਕ ਹੌਲੈਂਡ ਨੇ ਸੋਮਵਾਰ ਨੂੰ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹ 17 ਦਸੰਬਰ ਨੂੰ ਹਾਲੀਡੇਅ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿੱਚ ਚਾਰ ਬਿੱਲ ਪਾਸ ਕਰਨਾ ਚਾਹੁੰਦੇ ਹਨ।