ਉਦੈਪੁਰ, 21 ਨਵੰਬਰ

ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਚਾਰ ਬੱਚੇ ਅੱਜ ਆਪਣੇ ਘਰ ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤਕ ਮਿਲੇ। ਉਦੈਪੁਰ ਦੇ ਐੱਸਪੀ ਵਿਕਾਸ ਸ਼ਰਮਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਝੰਡੋਲੀ ਪਿੰਡ ਵਿੱਚ ਪਰਿਵਾਰ ਦੇ ਮੁਖੀ ਨੇ ਪਹਿਲਾਂ ਬੱਚਿਆਂ ਤੇ ਪਤਨੀ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਪ੍ਰਕਾਸ਼ ਉਰਫ਼ ਪੱਪੂ ਗਮੇਤੀ ਅਤੇ ਉਸ ਦੇ ਤਿੰਨ ਪੁੱਤਰਾਂ ਗਣੇਸ਼ (5), ਪੁਸ਼ਕਰ (4) ਅਤੇ ਰੌਸ਼ਨ (2) ਦੀਆਂ ਲਾਸ਼ਾਂ ਫੰਦੇ ਨਾਲ ਲਟਕਦੀਆਂ ਮਿਲੀਆਂ, ਜਦਕਿ ਉਸ ਦੀ ਪਤਨੀ ਦੁਰਗਾ ਅਤੇ ਚਾਰ ਮਹੀਨਿਆਂ ਦੇ ਗੰਗਾਰਾਮ ਦੀਆਂ ਲਾਸ਼ਾਂ ਬਿਸਤਰੇ ’ਤੇ ਪਈਆਂ ਸਨ। ਇਸ ਘਟਨਾ ਦਾ ਅੱਜ ਸਵੇਰੇ ਉਸ ਸਮੇਂ ਪਤਾ ਚੱਲਿਆ ਜਦੋਂ ਪ੍ਰਕਾਸ਼ ਦਾ ਭਰਾ ਉਸ ਦੇ ਘਰ ਗਿਆ। ਉਸ ਨੇ ਘਟਨਾ ਸਬੰਧੀ ਪਰਿਵਾਰ ਦੇ ਗੁਆਂਢੀਆਂ ਨੂੰ ਜਾਣਕਾਰੀ ਦਿੱਤੀ ਅਤੇ ਫਿਰ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪ੍ਰਕਾਸ਼ ਗੁਜਰਾਤ ਵਿੱਚ ਕੰਮ ਕਰਦਾ ਸੀ ਅਤੇ ਕੁੱਝ ਸਮਾਂ ਪਹਿਲਾਂ ਉਦੈਪੁਰ ਪਰਤ ਆਇਆ ਸੀ। ਉਸ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ।