ਮੁੰਬਈ:ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਪਤਰਲੇਖਾ ਨੇ ਸ਼ਨਿਚਰਵਾਰ ਨੂੰ ਨਿਊ ਚੰਡੀਗੜ੍ਹ ਵਿੱਚ ਮੰਗਣੀ ਕਰ ਲਈ ਹੈ। ਦੋਵੇਂ ਜਣੇ 2010 ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਮੰਗਣੀ ਦਾ ਸਮਾਗਮ ਨਿਊ ਚੰਡੀਗੜ੍ਹ ਦੇ ਇੱਕ ਰਿਜ਼ੌਰਟ ਵਿੱਚ ਕੀਤਾ ਗਿਆ, ਜਿਸ ਵਿੱਚ ਫਿਲਮਸਾਜ਼ ਫਰਾਹ ਖ਼ਾਨ ਤੇ ਅਦਾਕਾਰ ਸਾਕਿਬ ਸਲੀਮ ਸਣੇ ਉਨ੍ਹਾਂ ਦੇ ਹੋਰ ਕਈ ਦੋਸਤਾਂ ਨੇ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ 37 ਸਾਲਾ ਅਦਾਕਾਰ ਪਤਰਲੇਖਾ ਨੂੰ ਪਰਪੋਜ਼ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਮਗਰੋਂ ਪਰਤਲੇਖਾ ਤੇ ਰਾਜਕੁਮਾਰ ਰਾਓ ਨੇ ਇੱਕ ਦੂਜੇ ਨੂੰ ਅੰਗੂਠੀਆਂ ਪਹਿਨਾਈਆਂ। ਇਸ ਮੌਕੇ ਐੱਡਵਰਡ ਸ਼ੀਰਨ ਦਾ ਗੀਤ ‘ਪਰਫੈਕਟ’ ਵਜਾਇਆ ਗਿਆ, ਜਿਸ ’ਤੇ ਜੋੜੇ ਨੇ ਨਾਚ ਕੀਤਾ ਤੇ ਹਾਜ਼ਰ ਮਹਿਮਾਨਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਸਮਾਗਮ ਲਈ ਰਾਜਕੁਮਾਰ ਰਾਓ ਨੇ ਚਿੱਟਾ ਚੂੜੀਦਾਰ ਤੇ ਕੁੜਤਾ ਅਤੇ ਜੈਕਟ ਪਾਈ ਹੋਈ ਸੀ ਤੇ ਪਤਰਲੇਖਾ ਨੇ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਸੀ। ਖ਼ਬਰ ਹੈ ਕਿ ਛੇਤੀ ਹੀ ਇਹ ਜੋੜਾ ਵਿਆਹ ਕਰਵਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਦੋਵੇਂ ਅਦਾਕਾਰ ਇਸ ਤੋਂ ਪਹਿਲਾਂ ਹੰਸਲ ਮਹਿਤਾ ਦੀ 2014 ’ਚ ਆਈ ਫਿਲਮ ‘ਸਿਟੀਲਾਈਟਸ’ ਅਤੇ ਆਲਟ ਬਾਲਾਜੀ ਸੀਰੀਜ਼ ਦੀ ‘ਬੋਸ: ਡੈੱਡ/ਅਲਾਈਵ’ ਵਿੱਚ ਇਕੱਠੇ ਨਜ਼ਰ ਆਏ ਸਨ।