ਮੁੰਬਈ:ਅਕਾਦਾਰਾ ਰਸ਼ਮਿਕਾ ਮੰਦਾਨਾ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਫ਼ਿਲਮ ‘ਮਿਸ਼ਨ ਮਜਨੂ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਫ਼ਿਲਮ ਵਿੱਚ ਉਹ ਸਿਧਾਰਥ ਮਲਹੋਤਰਾ ਨਾਲ ਦਿਖਾਈ ਦੇਵੇਗੀ। ਇਸ ਤੋਂ ਪਹਿਲਾਂ ਕੰਨੜ ਫ਼ਿਲਮ ‘ਅੰਜਨੀ ਪੁਤ੍ਰ’ ਅਤੇ ਤੇਲਗੂ ਬਲਾਕਬਸਟਰ ‘ਗੀਤਾ ਗੋਵਿੰਦਮ’ ਲਈ ਰਸ਼ਮਿਕਾ ਦਾ ਕੰਮ ਬਹੁਤ ਸਰਾਹਿਆ ਗਿਆ ਹੈ। ਇਸ ਫ਼ਿਲਮ ਦੇ ਬੈਨਰ ‘ਆਰਐੱਸਵੀਪੀ’ ਦੇ ਟਵਿੱਟਰ ਅਕਾਊਂਟ ਰਾਹੀਂ ਸ਼ਨਿਚਰਵਾਰ ਦੇਰ ਰਾਤ ਨੂੰ ਫ਼ਿਲਮ ਦੀ ਸ਼ੂਟਿੰਗ ਖਤਮ ਕਰਨ ਮੌਕੇ ਅਦਾਕਾਰਾ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਨਾਲ ਲਿਖਿਆ ਹੈ, ‘ਇਹ ਤਸਵੀਰ #ਮਿਸ਼ਨ ਮਜਨੂੰ ਦੇ ਸੈੱਟ ’ਤੇ ਮੌਜੂਦ ਸਾਡੀ ਪਿਆਰੀ @ਆਈਐਮਰਸ਼ਮਿਕਾ ਦੀ ਹੈ, ਜੋ ਆਪਣੀ ਮੁਸਕਾਨ ਨਾਲ ਹਰ ਥਾਂ ਖੁਸ਼ੀਆਂ ਵੰਡ ਰਹੀ ਹੈ।’ ਇਸ ਫ਼ਿਲਮ ਰਾਹੀਂ ਵਿਗਿਆਪਨ ਫ਼ਿਲਮਾਂ ਬਣਾਉਣ ਵਾਲਾ ਸ਼ਾਂਤਨੂੰ ਬਾਗਚੀ ਵੀ ਫ਼ਿਲਮ ਨਿਰਦੇਸ਼ਨ ਵਿੱਚ ਕਦਮ ਰੱਖ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਆਰਐੱਸਵੀਪੀ ਦੇ ਰੌਨੀ ਸਕ੍ਰਿਊਵਾਲਾ, ਅਮਰ ਬੁਟਾਲਾ ਅਤੇ ਗਰਿਮਾ ਮਹਿਤਾ ਹਨ। ਸਿਧਾਰਥ ਮਲਹੋਤਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਰਸ਼ਮਿਕਾ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਤੁਸੀਂ ਇੱਕ ਅਸਲ ਸਿਪਾਹੀ ਹੋ, ਤੁਹਾਡੇ ਨਾਲ ਕੰਮ ਕਰਕੇ ਬਹੁਤ ਹੀ ਚੰਗਾ ਲੱਗਿਆ, ਧੰਨਵਾਦ, ਛੇਤੀ ਹੀ ਮਿਲਾਂਗੇ।’