ਮੁੰਬਈ:ਫ਼ਿਲਮ ‘ਬ੍ਰਹਮਾਸਤਰ: ਪਾਰਟ ਵਨ ਸ਼ਿਵਾ’ ਦੇ ਗੀਤ ‘ਕੇਸਰੀਆ’ ਨੂੰ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲਣ ਮਗਰੋਂ ਫ਼ਿਲਮ ਦੇ ਨਿਰਮਾਤਵਾਂ ਨੇ ਅੱਜ ਇਕ ਹੋਰ ਗੀਤ ਰਿਲੀਜ਼ ਕੀਤਾ ਹੈ। ਗੀਤ ‘ਦੇਵਾ ਦੇਵਾ’ ਰੂਹਾਨੀਅਤ ਅਤੇ ਉਤਸ਼ਾਹ ਦਾ ਨਿਵੇਕਲਾ ਸੁਮੇਲ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਅਤੇ ਜੋਤਿਕਾ ਗਾਂਧੀ ਨੇ ਗਾਇਆ ਹੈ। ਇਸ ਗੀਤ ਬਾਰੇ ਗੱਲਬਾਤ ਕਰਦਿਆਂ ਰਣਬੀਰ ਨੇ ਆਖਿਆ,‘ਮੈਂ ਗੀਤ ਦਾ ਬਹੁਤ ਆਨੰਦ ਮਾਣਿਆ ਅਤੇ ਇਹ ਗੀਤ ਹਰ ਵਿਅਕਤੀ ਲਈ ਨਿੱਜੀ ਤੌਰ ’ਤੇ ਕਾਫੀ ਨਾਲ ਢੁਕਦਾ ਹੈ। ਪ੍ਰੀਤਮ, ਅਰਿਜੀਤ, ਅਮਿਤਾਭ ਅਤੇ ਅਯਾਨ ਨੇ ਕਾਫੀ ਮਿਹਨਤ ਨਾਲ ਇਸ ਗੀਤ ਨੂੰ ਬਣਾਇਆ ਹੈ। ਇਹ ਗੀਤ ਰੂਹਾਨੀਅਤ ਦੇ ਤੌਰ ’ਤੇ ਮਜ਼ਬੂਤ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਹਰ ਕੋਈ ਇਸ ਗੀਤ ਦਾ ਮੇਰੇ ਵਾਂਗ ਆਨੰਦ ਮਾਣੇਗਾ।’’ ਪਿੱਠਵਰਤੀ ਗਾਇਕ ਅਰਿਜੀਤ ਸਿੰਘ ਨੇ ਆਖਿਆ,‘‘ ਮੈਂ ਗੀਤ ‘ਦੇਵਾ ਦੇਵਾ’ ਨੂੰ ਆਵਾਜ਼ ਦੇ ਕੇ ਬਹੁਤ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਗੀਤ ਦਾ ਖੂਬ ਆਨੰਦ ਮਾਨਣਗੇ।’’ ਇਸ ਗੀਤ ਨੂੰ ਸੰਗੀਤ ਪ੍ਰੀਤਮ ਚੱਕਰਵਰਤੀ ਨੇ ਦਿੱਤਾ ਹੈ ਅਤੇ ਇਸ ਨੂੰ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ।