ਨਿਊਯਾਰਕ, 22 ਜੂਨ

ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਵੱਲੋਂ ਯੂਕਰੇਨ ਵਿੱਚ ਜੰਗ ਕਰਕੇ ਘਰੋਂ-ਬੇਘਰ ਹੋਏ ਬੱਚਿਆਂ ਲਈ ਨਿਲਾਮ ਕੀਤਾ ਆਪਣਾ ਨੇਬੋਲ ਸ਼ਾਂਤੀ ਪੁਰਸਕਾਰ ਸੋਮਵਾਰ ਰਾਤ ਨੂੰ ਰਿਕਾਰਡ 103.5 ਮਿਲੀਅਨ ਡਾਲਰ ਵਿੱਚ ਵਿਕਿਆ ਹੈ। ਇਸ ਨੇ ਨੋਬੇਲ ਲਈ ਪੁਰਾਣੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ ਹੈ। ਹੈਰੀਟੇਜ ਆਕਸ਼ਨਜ਼ ਦੇ ਤਰਜਮਾਨ ਨੇ ਹਾਲਾਂਕਿ ਖਰੀਦਦਾਰ ਦੀ ਪਛਾਣ ਬਾਰੇ ਪੁਸ਼ਟੀ ਨਹੀਂ ਕੀਤੀ, ਪਰ ਇੰਨਾ ਜ਼ਰੂਰ ਕਿਹਾ ਕਿ ਨੋਬੇਲ ਲਈ ਬੋਲੀ ਕਿਸੇ ਹੋਰ ਵਿਅਕਤੀ ਕੋਲੋਂ ਲੁਆਈ ਗਈ ਸੀ। ਤਰਜਮਾਨ ਨੇ ਕਿਹਾ ਕਿ 103.5 ਮਿਲੀਅਨ ਡਾਲਰ ਦੀ ਵਿਕਰੀ ਦਾ ਮਤਲਬ 100 ਮਿਲੀਅਨ ਡਾਲਰ ਸਵਿਸ ਫਰੈਂਕਸ ਹਨ, ਜੋ ਇਸ਼ਾਰਾ ਕਰਦਾ ਹੈ ਕਿ ਖਰੀਦਦਾਰ ਕੋਈ ਬਾਹਰਲਾ ਸੀ।ਤਿੰਨ ਹਫ਼ਤੇ ਦੇ ਕਰੀਬ ਚੱਲੀ ਨਿਲਾਮੀ, ਜੋ ਵਿਸ਼ਵ ਰਫਿਊਜੀ ਦਿਹਾੜੇ ਮੌਕੇ ਖ਼ਤਮ ਹੋਈ, ਮਗਰੋਂ ਇਕ ਇੰਟਰਵਿਊ ਦੌਰਾਨ ਮੁਰਾਤੋਵ ਨੇ ਕਿਹਾ, ‘‘ਮੈਨੂੰ ਆਸ ਸੀ ਕਿ ਇਕਜੁੱਟਤਾ ਦੇ ਪ੍ਰਗਟਾਵੇ ਵਜੋਂ ਇਹ ਰਕਮ ਮੋਟੀ ਹੋਵੇਗੀ, ਪਰ ਮੈਂ ਇਹ ਉਮੀਦ ਨਹੀਂ ਕੀਤੀ ਸੀ ਕਿ ਇਹ ਰਕਮ ਇੰਨੀ ਵੱਡੀ ਹੋਵੇਗੀ।’’ ਇਸ ਤੋਂ ਪਹਿਲਾਂ ਸਾਲ 2014 ਵਿੱਚ ਹੋਈ ਨਿਲਾਮੀ ਵਿੱਚ ਨੋਬੇਲ ਪੁਰਸਕਾਰ ਦਾ ਤਗ਼ਮਾ 4.76 ਮਿਲੀਅਨ ਡਾਲਰ ਵਿੱਚ ਵਿਕਿਆ ਸੀ। ਜੇਮਸ ਵਾਟਸਨ ਨੂੰ ਇਹ ਨੋਬੇਲ 1962 ਵਿੱਚ ਡੀਐੱਨਏ ਸਟ੍ਰੱਕਚਰ ਦੀ ਸਹਿ-ਖੋਜ ਲਈ ਮਿਲਿਆ ਸੀ। ਤਿੰਨ ਸਾਲਾਂ ਬਾਅਦ ਫਰਾਂਸਿਸ ਕਰਿੱਕ, ਜੋ ਇਸ ਪੁਰਸਕਾਰ ਵਿੱਚ ਸਹਿ-ਭਾਗੀਦਾਰ ਸੀ, ਦੇ ਪਰਿਵਾਰ ਨੂੰ ਹੈਰੀਟੇਜ ਆਕਸ਼ਨਜ਼ ਵੱਲੋਂ 2.27 ਮਿਲੀਅਨ ਡਾਲਰ ਦੀ ਰਕਮ ਮਿਲੀ ਸੀ।