ਦੁਬਈ (ਸੰਯੁਕਤ ਅਰਬ ਅਮੀਰਾਤ), 31 ਜਨਵਰੀ

ਸੰਯੁਕਤ ਅਰਬ ਅਮੀਰਾਤ ਨੇ ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਸੋਮਵਾਰ ਤੜਕੇ ਦਾਗੀ ਗਈ ਬੈਲਿਸਟਿਕ ਮਿਜ਼ਾਈਲ ਨੂੰ ਵਿਚਾਲੇ ਹੀ ਰੋਕ ਦਿੱਤਾ ਅਤੇ ਨਸ਼ਟ ਕਰ ਦਿੱਤਾ। ਇਹ ਜਾਣਕਾਰੀ ਦੇਸ਼ ਦੇ ਰੱਖਿਆ ਮੰਤਰਾਲੇ ਨੇ ਦਿੱਤੀ। ਇਹ ਮਿਜ਼ਾਈਲ ਅਜਿਹੇ ਸਮੇਂ ਵਿਚ ਦਾਗੀ ਗਈ ਜਦੋਂ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਦੇਸ਼ ਦੇ ਦੌਰੇ ’ਤੇ ਹਨ।

ਦੇਸ਼ ਦੀ ਸਰਕਾਰੀ ਖ਼ਬਰ ਏਜੰਸੀ ਡਬਲਿਊਏਐੱਮ ਨੂੰ ਦਿੱਤੇ ਇਕ ਬਿਆਨ ਵਿਚ ਮੰਤਰਾਲੇ ਨੇ ਕਿਹਾ ਕਿ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਨਸ਼ਟ ਕੀਤੀ ਗਈ ਬੈਲਿਸਟਿਕ ਮਿਜ਼ਾਈਲ ਦੇ ਟੁੱਕੜੇ ਆਬਾਦੀ ਵਾਲੇ ਖੇਤਰਾਂ ਤੋਂ ਬਾਹਰ ਡਿੱਗੇ ਹਨ। ਮੰਤਰਾਲੇ ਨੇ ਕਿਹਾ, ‘‘ਸੰਯੁਕਤ ਅਰਬ ਅਮੀਰਾਤ ਹਵਾਈ ਸੈਨਾ ਅਤੇ ਗੱਠਜੋੜ ਕਮਾਂਡ ਨੇ ਯਮਨ ਦੇ ਟਿਕਾਣਿਆਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਮਿਜ਼ਾਈਲ ਲਾਂਚਰ ਤਬਾਹ ਕਰਨ ਵਿਚ ਸਫ਼ਲਤਾ ਹਾਸਲ ਕੀਤੀ।’’ ਮੰਤਰਾਲੇ ਨੇ ਇਕ ਟਵੀਟ ਵਿਚ ਕਿਹਾ ਕਿ ਤੜਕੇ 12.50 ਵਜੇ (ਸਥਾਨਕ ਸਮਾਂ) ਯਮਨ ਵਿਚ ਅਲ-ਜਾਫ਼ ਪ੍ਰਾਂਤ ’ਚ ਬੈਲਿਸਟਿਕ ਮਿਜ਼ਾਈਲ ਲਾਂਚ ਦਾ ਪਲੈਟਫਾਰਮ ਤਬਾਹ ਕਰ ਦਿੱਤਾ ਗਿਆ। ਇਸ ਤਬਾਹੀ ਦਾ ਇਕ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰੇ  ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।