ਦੁਬਈ, 14 ਮਈ
ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫ਼ਾ ਬਿਨ ਜ਼ਾਏਦ ਅਲ ਨਹਯਨ (73) ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰਾਸ਼ਟਰਪਤੀ ਨਾਲ ਸਬੰਧਤ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਦਿੱਤੀ ਗਈ। ਮੰਤਰਾਲੇ ਨੇ ਉਨ੍ਹਾਂ ਦੇ ਦੇਹਾਂਤ ’ਤੇ 40 ਦਿਨਾ ਸੋਗ ਦਾ ਐਲਾਨ ਕੀਤਾ ਹੈ, ਜਿਸ ਦੌਰਾਨ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਸਾਰੇ ਮੰਤਰਾਲੇ ਅਤੇ ਪ੍ਰਾਈਵੇਟ ਸੈਕਟਰ ਅੱਜ ਤੋਂ ਤਿੰਨ ਦਿਨ ਤੱਕ ਕੰਮ ਬੰਦ ਰੱਖਣਗੇ।
ਖ਼ਬਰ ਏਜੰਸੀ ‘ਡਬਲਿਊਏਐੱਮ ਨੇ ਇੱਕ ਬਿਆਨ ਵਿੱਚ ਕਿਹਾ, ‘‘ਰਾਸ਼ਟਰਪਤੀ ਨਾਲ ਸਬੰਧਤ ਮਾਮਲਿਆਂ ਬਾਰੇ ਮੰਤਰਾਲਾ ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਏਦ ਅਲ ਨਹਯਨ ਦੇ ਦੇਹਾਂਤ ’ਤੇ ਯੂਏਈ, ਅਰਬ ਅਤੇ ਇਸਲਾਮਿਕ ਦੇਸ਼ਾਂ ਅਤੇ ਦੁਨੀਆਂ ਭਰ ਦੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟਾਉਂਦਾ ਹੈ। ਦੱਸਣਯੋਗ ਹੈ ਕਿ ਸ਼ੇਖ ਖਲੀਫ਼ਾ ਯੂਏਈ ਦੇ ਸੰਸਥਾਪਕ ਸ਼ੇਖ ਜ਼ਾਏਦ ਬਿਨ ਸੁਲਤਾਨ ਅਲ ਨਹਯਨ ਦੇ ਸਭ ਤੋਂ ਵੱਡੇ ਪੁੱਤਰ ਸਨ ਅਤੇ ਉਹ 3 ਨਵੰਬਰ 2004 ਤੋਂ ਯੂਏਈ ਦੇ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਵਜੋਂ ਸੇਵਾਵਾਂ ਦੇ ਰਹੇ ਸਨ। ਇਸ ਦੌਰਾਨ ਭਾਰਤ ਨੇ ਵੀ ਸ਼ੇਖ਼ ਖਲੀਫ਼ਾ ਦੇ ਦੇਹਾਂਤ ’ਤੇ ਇੱਕ ਰੋਜ਼ਾ ਸੋਗ ਐਲਾਨਿਆ ਹੈ।