ਜੰਮੂ, 23 ਨਵੰਬਰ

ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸੀਨ ਮਲਿਕ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਇੱਥੋਂ ਦੀ ਅਦਾਲਤ ਨੇ ਅੱਜ ਨਵਾਂ ਵਾਰੰਟ ਜਾਰੀ ਕੀਤਾ ਹੈ। ਇਹ ਪੇਸ਼ੀ ਵਾਰੰਟ 1990 ਵਿੱਚ ਹਵਾਈ ਫ਼ੌਜ ਦੇ ਚਾਰ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਗਵਾਹਾਂ ਤੋਂ ਜ਼ਿਰ੍ਹਾ ਕਰਵਾਉਣ ਲਈ ਜਾਰੀ ਕੀਤਾ ਗਿਆ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਜਾਂਚ ਏਜੰਸੀ ਦੇ ਵਿਸ਼ੇਸ਼ ਵਕੀਲ ਮੋਨਿਕਾ ਕੋਹਲੀ ਨੇ ਕਿਹਾ, ‘‘ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 22 ਦਸੰਬਰ ਨੂੰ ਮਲਿਕ ਨੂੰ ਨਿੱਜੀ ਤੌਰ ’ਤੇ ਪੇਸ਼ ਕਰਨ ਲਈ ਮੁੜ ਤੋਂ ਪੇਸ਼ੀ ਵਾਰੰਟ ਜਾਰੀ ਕੀਤਾ ਹੈ।’’