ਮੁੰਬਈ:ਇਸ ਸਾਲ ਫਿਲਮੀ ਦੁਨੀਆ ਵਿੱਚ ਇੱਕ ਦਹਾਕਾ ਪੂਰਾ ਕਰਨ ਵਾਲੀ ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਫਿਲਮਾਂ ਦਾ ਹਿੱਸਾ ਬਣ ਕੇ ਆਪਣੀ ਅਦਾਕਾਰੀ ਸਾਬਤ ਕਰਨਾ ਚਾਹੁੰਦੀ ਹੈ, ਜੋ ‘ਉਸ ਦੇ ਦਿਲ ਦੀ ਧੜਕਣ ਰੋਕ ਸਕਣ।’ ਫਿਲਮ ਨਿਰਮਾਤਾ ਮਹੇਸ਼ ਭੱਟ ਅਤੇ ਅਦਾਕਾਰਾ ਸੋਨੀ ਰਾਜ਼ਦਾਨ ਦੀ 28 ਸਾਲਾ ਅਦਾਕਾਰ ਧੀ ਨੇ ਸਾਲ 2012 ਵਿੱਚ ‘ਸਟੂਡੈਂਟ ਆਫ ਦਿ ਯੀਅਰ’ ਜ਼ਰੀਏ ਸਿਧਾਰਥ ਮਲਹੋਤਰਾ ਅਤੇ ਵਰੁਣ ਧਵਨ ਨਾਲ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ। ਆਲੀਆ ਨੇ ਕਿਹਾ, ‘‘ਮੈਂ ਅਜਿਹੀਆਂ ਭੂਮਿਕਾਵਾਂ ਚੁਣੀਆਂ, ਜੋ ਚੁਣੌਤੀ ਭਰਪੂਰ ਸਨ।’’ ਆਲੀਆ ਨੇ ‘ਹਾਈਵੇਅ’, ‘ਉੜਤਾ ਪੰਜਾਬ’, ‘ਡੀਅਰ ਜ਼ਿੰਦਗੀ’, ‘ਰਾਜ਼ੀ’ ਅਤੇ ‘ਗੱਲੀ ਬੁਆਏ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਸ ਨੇ ਕਿਹਾ ਕਿ ਉਹ ਮੋਹਰੀ ਭੂਮਿਕਾਵਾਂ ਨਿਭਾਉਣਾ ਚਾਹੁੰਦੀ ਹੈ ਅਤੇ ਨਿਰੋਲ ਮਨੋਰੰਜਨ ਵਾਲੇ ਪ੍ਰਾਜੈਕਟਾਂ ’ਤੇ ਕੰਮ ਕਰਨਾ ਚਾਹੁੰਦੀ ਹੈ। ਪਿਛਲੇ ਸਾਲ ਹੀ ਆਲੀਆ ‘ਡਾਰਲਿੰਗਜ਼’ ਜ਼ਰੀਏ ਨਿਰਮਾਤਾ ਬਣ ਗਈ, ਜਿਸ ਦਾ ਨਿਰਮਾਣ ਉਸ ਨੇ ਐਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ। ਅਦਾਕਾਰਾ ਨੇ ਕਿਹਾ, ‘‘ਮੈਨੂੰ ਇਸ ਇੰਡਸਟਰੀ ਵਿੱਚ 10 ਸਾਲ ਹੋ ਗਏ ਹਨ ਅਤੇ ਮੇਰੇ ਅਗਲੇ 10 ਸਾਲਾਂ ਦੀ ਯੋਜਨਾ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣਾ ਹੈ।’’ ਆਲੀਆ, ਪ੍ਰਿਯੰਕਾ ਚੋਪੜਾ ਜੋਨਸ ਅਤੇ ਕੈਟਰੀਨਾ ਕੈਫ ਨਾਲ ਆਪਣੀ ਅਗਲੀ ਆਉਣ ਵਾਲੀ ਫਿਲਮ ‘ਜੀ ਲੇ ਜ਼ਰਾ’ ਲਈ ਕਾਫ਼ੀ ਉਤਸ਼ਾਹਿਤ ਹੈ।