ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੁਸ਼ਤੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੀ ਅੱਜ ਸ਼ਲਾਘਾ ਕੀਤੀ ਅਤੇ ਦੋਵਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਪੂਨੀਆ ਨੇ ਐਤਵਾਰ ਨੂੰ ਸਰਬੀਆ ਦੇ ਬੇਲਗ੍ਰੇਡ ਵਿੱਚ ਹੋਈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 65 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ’ਚ ਪੂਨੀਆ ਦਾ ਇਹ ਚੌਥਾ ਤਗਮਾ ਹੈ ਅਤੇ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਭਾਰਤ ਦਾ ਇਕਲੌਤਾ ਪਹਿਲਵਾਨ ਹੈ। ਇਸੇ ਤਰ੍ਹਾਂ ਵਿਨੇਸ਼ ਫੋਗਾਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੇ ਪਿਛਲੇ ਹਫ਼ਤੇ 53 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇੱਕ ਟਵੀਟ ਵਿੱਚ ਮੋਦੀ ਨੇ ਕਿਹਾ, ‘‘’ਸਾਡੇ ਪਹਿਲਵਾਨਾਂ ਨੇ ਸਾਨੂੰ ਮਾਣ ਦਿਵਾਇਆ ਹੈ। ਬੇਲਗ੍ਰੇਡ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਲਈ ਵਿਨੇਸ਼ ਅਤੇ ਪੂਨੀਆ ਨੂੰ ਵਧਾਈਆਂ।”