ਚੰਡੀਗੜ੍ਹ, 7 ਅਗਸਤ

ਟੋਕੀਓ ਓਲੰਪਿਕ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਭਾਰਤੀ ਅਥਲੀਟ ਨੀਰਜ ਚੋਪੜਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਨੀਰਜ ਚੋਪੜਾ ਹਰਿਆਣਾ ਦੇ ਪਾਣੀਪਤ ਸ਼ਹਿਰ ਦਾ ਵਸਨੀਕ ਹੈ ਤੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਉਹ ਚੈਂਪੀਅਨ ਰਿਹਾ ਸੀ। ਮੌਜੂਦਾ ਸਮੇਂ ਉਸ ਨੂੰ ਭਾਰਤੀ ਸੈਨਾ ਵਿੱਚ ਜੂਨੀਅਰ ਕਮਿਸ਼ਨਰ ਅਧਿਕਾਰੀ ਦਾ ਰੈਂਕ ਦਿੱਤਾ ਗਿਆ ਹੈ। ਨੀਰਜ ਚੋਪੜਾ ਨੇ ਮੌਜੂਦਾ ਟੋਕੀਓ ਓਲੰਪਿਕਸ ਦੇ ਫਾਈਨਲ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਪਹਿਲੀ ਕੋਸ਼ਿਸ਼ ਦੌਰਾਨ ਹੀ 87.03 ਮੀਟਰ ਦਾ ਮਾਰਕਾ ਹਾਸਲ ਕਰ ਕੇ ਆਪਣੀ ਜਿੱਤ ਦੀ ਬੁਨਿਆਦ ਰੱਖ ਲਈ ਸੀ। ਸ੍ਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਟੋਕੀਓ ਵਿੱਚ ਇਤਿਹਾਸ ਰਚਿਆ ਗਿਆ ਹੈ। ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਪ੍ਰਾਪਤੀ ਨੂੰ ਸਦਾ ਲਈ ਯਾਦ ਰੱਖਿਆ ਜਾਵੇਗਾ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਨੀਰਜ ਚੋਪੜਾ ਦੀ ਪ੍ਰਾਪਤੀ ’ਤੇ ਫ਼ਖਰ ਜਤਾਇਆ ਹੈ। ਪੇਈਚਿੰਗ ਓਲੰਪਿਕ ਖੇਡਾਂ 2008 ਦੌਰਾਨ ਸੋਨ ਤਗਮਾ ਜਿੱਤਣ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਨੀਰਜ ਚੋਪੜਾ ਨੇ ਦੇਸ਼ ਵਾਸੀਆਂ ਦੀਆਂ ਸਦਰਾਂ ਪੂਰੀਆਂ ਕੀਤੀਆਂ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਵੀ ਟਵੀਟ ਕਰਦਿਆਂ ਨੀਰਜ ਚੋਪੜਾ ਦੀ ਪ੍ਰਾਪਤੀ ’ਤੇ ਮਾਣ ਜਤਾਇਆ ਹੈ।