ਓਨਟਾਰੀਓ : ਅਜੇ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਵਿੱਚ ਕੁੱਝ ਮਹੀਨਿਆਂ ਦਾ ਸਮਾਂ ਹੈ, ਅਜਿਹੇ ਵਿੱਚ ਓਨਟਾਰੀਓ ਦੇ ਨਵੇਂ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਨੇ ਆਖਿਆ ਕਿ ਮੈਰੀਜੁਆਨਾ ਦੀ ਵਿੱਕਰੀ ਲਈ ਉਨ੍ਹਾਂ ਅਜੇ ਇਹ ਤੈਅ ਨਹੀਂ ਕੀਤਾ ਕਿ ਆਪਣੀ ਪਿਛਲੀ ਸਰਕਾਰ ਵੱਲੋਂ ਉਲੀਕੀ ਯੋਜਨਾ ਨੂੰ ਹੀ ਲਾਗੂ ਕਰਨ ਜਾਂ ਫਿਰ ਮਿਉਂਸਪੈਲਿਟੀਜ਼, ਸਟੇਕਹੋਲਡਰਜ਼ ਤੇ ਆਪਣੇ ਕਾਕਸ ਨਾਲ ਨਵੇਂ ਸਿਰੇ ਤੋਂ ਸਲਾਹ ਮਸ਼ਵਰਾ ਕਰਕੇ ਕੋਈ ਨਵੀਂ ਯੋਜਨਾ ਉਲੀਕਣ।
ਸਾਬਕਾ ਲਿਬਰਲ ਸਰਕਾਰ ਨੇ 2020 ਦੇ ਅੰਤ ਤੱਕ ਲੀਕਰ ਕੰਟਰੋਲ ਬੋਰਡ ਆਫ ਓਨਟਾਰੀਓ ਨੂੰ ਹੀ 150 ਮੈਰੀਜੁਆਨਾ ਸਟੋਰਜ਼ ਚਲਾਉਣ ਦੀ ਜਿ਼ੰਮੇਵਾਰੀ ਦੇਣ ਦੀ ਯੋਜਨਾ ਬਣਾਈ ਸੀ। ਇਨ੍ਹਾਂ ਵਿੱਚੋਂ 40 ਸਟੋਰ ਇਸ ਸਾਲ ਹੀ ਖੋਲ੍ਹੇ ਜਾਣ ਦੀ ਤਜਵੀਜ਼ ਸੀ। ਇਸ ਮਹੀਨੇ ਚੁਣੇ ਗਏ ਡੱਗ ਫੋਰਡ ਪਹਿਲਾਂ ਵੀ ਇਹ ਆਖ ਚੁੱਕੇ ਹਨ ਕਿ ਉਹ ਮੈਰੀਜੁਆਨਾ ਦੀ ਵਿੱਕਰੀ ਦਾ ਕੰਮ ਪ੍ਰਾਈਵੇਟ ਹੱਥਾਂ ਵਿੱਚ ਸੌਂਪਣਾ ਚਾਹੁੰਦੇ ਹਨ।
ਪਰ ਜਦੋਂ ਵੀਰਵਾਰ ਨੂੰ ਉਨ੍ਹਾਂ ਤੋਂ ਇਸ ਸਬੰਧੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਫੋਰਡ ਨੇ ਆਖਿਆ ਕਿ ਉਹ ਲੀਕਰ ਕੰਟਰੋਲ ਬੋਰਡ ਆਫ ਓਨਟਾਰੀਓ ਉੱਤੇ ਹੀ ਹਾਲ ਦੀ ਘੜੀ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਐਲਸੀਬੀਓ ਕੋਲ ਪਹਿਲਾਂ ਹੀ ਸਾਰਾ ਇਨਫਰਾਸਟ੍ਰਕਚਰ ਮੌਜੂਦ ਹੈ ਤੇ ਇੱਕ ਵਾਰੀ ਮੈਰੀਜੁਆਨਾ ਦਾ ਕਾਨੂੰਨੀਕਰਨ ਹੋਣ ਤੋਂ ਬਾਅਦ ਇਸ ਨੂੰ ਇਸ ਰਾਹੀਂ ਆਸਾਨੀ ਨਾਲ ਵੇਚਿਆ ਜਾ ਸਕੇਗਾ। ਉਨ੍ਹਾਂ ਆਖਿਆ ਕਿ ਉਹ ਮੰਨਦੇ ਹਨ ਕਿ ਸਰਕਾਰ ਨੂੰ ਹਰ ਕੰਮ ਵਿੱਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ। ਪਰ ਇਸ ਰਾਹ ਉੱਤੇ ਅਸੀਂ ਪਹਿਲਾਂ ਕਦੇ ਨਹੀਂ ਤੁਰੇ।