ਮੁੰਬਈ:ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦੀਆਂ ਫਿਲਮਾਂ ‘ਭੀੜ’, ਬਧਾਈ ਦੋ’, ‘ਗੋਵਿੰਦਾ ਨਾਮ ਮੇਰਾ’ ਅਤੇ ‘ਰਕਸ਼ਾ ਬੰਧਨ’ ਆਉਣ ਵਾਲੀਆਂ ਹਨ। ਅਦਾਕਾਰਾ ਨੇ ਕਿਹਾ ਕਿ 2015 ਵਿੱਚ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਤੋਂ ਹੋਈ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਸ ਨੂੰ ਚੰਗੀਆਂ ਕਹਾਣੀਆਂ ਮਿਲੀਆਂ ਹਨ। ਭੂਮੀ ਨੇ ਕਿਹਾ, ‘‘ਮੇਰੀਆਂ ਫਿਲਮਾਂ ਤੋਂ ਦਰਸ਼ਕਾਂ ਨੂੰ ਪਰਦੇ ਦਾ ਇਕ ਵਿਲੱਖਣ ਤਜਰਬਾ ਹਾਸਲ ਹੋਵੇਗਾ। ਅਗਲੇ ਸਾਲ ਵੱਡੇ ਪਰਦੇ ’ਤੇ ਮੇਰੀਆਂ ਪੰਜ ਫਿਲਮਾਂ ਰਿਲੀਜ਼ ਹੋਣਗੀਆਂ, ਜਿਹੜੀਆਂ ਬਹੁਭਾਂਤੀ ਅਤੇ ਇਕ ਤੋਂ ਦੂਜੇ ਤੋਂ ਵੱਖਰੀਆਂ ਹੋਣਗੀਆਂ।’’ ਉਸ ਨੇ ਕਿਹਾ, ‘‘ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਚੰਗੀਆਂ ਕਹਾਣੀਆਂ ਮਿਲੀਆਂ ਹਨ ਅਤੇ ਅਗਲੇ ਵਰ੍ਹੇ ਮੈਂ ਆਪਣੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਤੋਂ ਤਿਆਰ ਪੰਜ ਫਿਲਮਾਂ ਦਰਸ਼ਕਾਂ ਸਾਹਮਣੇ ਪੇਸ਼ ਕਰਾਂਗੀ।’’ ਉਸ ਨੇ ਕਿਹਾ ਕਿ ਉਹ ਇਨ੍ਹਾਂ ਫਿਲਮਾਂ ਲਈ ਕਾਫ਼ੀ ਉਤਸ਼ਾਹਿਤ ਹੈ। ਭੂਮੀ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਸਿਨੇ ਜਗਤ ਲਈ ਇਹ ਇਕ ਚੰਗੀ ਖ਼ਬਰ ਹੈ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਭਰੋਸਾ ਸੀ ਕਿ ਲੋਕ ਸਿਨੇਮਾ ਘਰਾਂ ਵਿੱਚ ਵਾਪਸੀ ਕਰਨਗੇ ਅਤੇ ਹੁਣ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।