ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਆਖਿਆ ਕਿ ਉਹ ਪੰਜਾਬੀ ਹੈ ਅਤੇ ਚਾਹੁੰਦਾ ਹੈ ਕਿ ਪੰਜਾਬ ਦੇ ਲੋਕ ਉਸ ਦੇ ਕੰਮ ’ਤੇ ਮਾਣ ਕਰਨ। ਅਦਾਕਾਰ ਨੇ ਆਖਿਆ, ‘‘ਪੰਜਾਬੀ ਹੋਣ ਦੇ ਨਾਤੇ ਮੈਂ ਹਮੇਸ਼ਾ ਇਹੀ ਚਾਹੁੰਦਾ ਹਾਂ ਕਿ ਪੰਜਾਬ ਨੂੰ ਮੇਰੇ ਕੰਮ ’ਤੇ ਮਾਣ ਹੋਵੇ ਅਤੇ ਮੈਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ। ਮੇਰੀ ਪਹਿਲੀ ਫ਼ਿਲਮ ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਮੇਰੀ ਹੌਸਲਾਅਫਜ਼ਾਈ ਕੀਤੀ ਹੈ ਅਤੇ ਹਰ ਚੰਗੇ-ਮਾੜੇ ਹਾਲਾਤ ਵਿੱਚ ਮੇਰਾ ਸਾਥ ਦਿੱਤਾ ਹੈ। ਮੈਨੂੰ ਪੰਜਾਬੀਆਂ ਤੋਂ ਬਿਨਾਂ ਸ਼ਰਤ ਬਹੁਤ ਪਿਆਰ ਮਿਲਿਆ ਹੈ।’’ ਆਯੂਸ਼ਮਾਨ ਨੇ ਆਖਿਆ ਕਿ ਉਸ ਨੂੰ ਆਪਣੀਆਂ ਫਿਲਮਾਂ ਤੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਨੁਮਾੲਿੰਦਗੀ ਕਰਕੇ ਮਾਣ ਮਹਿਸੂਸ ਹੁੰਦਾ ਹੈ। ਅਦਾਕਾਰ ਨੇ ਆਖਿਆ ਕਿ ਉਹ ਅੱਜ ਜਿਸ ਮੁਕਾਮ ’ਤੇ ਹੈ ਉਹ ਮਹਿਜ਼ ਪੰਜਾਬੀਆਂ ਦੀਆਂ ਦੁਆਵਾਂ ਤੇ ਉਨ੍ਹਾਂ ਦੀ ਮਦਦ ਕਰਕੇ ਹੈ। ਉਸ ਨੇ ਆਖਿਆ ਕਿ ਉਹ ਖੁਸ਼ਕਿਸਮਤ ਹੈ ਕਿ ਉਹ ਪੰਜਾਬੀ ਹੈ ਅਤੇ ਉਸ ਨੇ ਪੰਜਾਬੀ ਸੱਭਿਆਚਾਰ ਤੇ ਰੀਤੀ-ਰਿਵਾਜਾਂ ਦੀ ਆਪਣੀ ਕਲਾ ਰਾਹੀਂ ਨੁਮਾਇੰਦਗੀ ਕੀਤੀ ਹੈ। ਆਯੂਸ਼ਮਾਨ ਨੇ ਆਖਿਆ ਕਿ ਉਸ ਨੂੰ ਆਪਣੇ ਗੀਤਾਂ ਵਿਚ ਪੰਜਾਬੀ ਸ਼ਾਮਲ ਕਰਨਾ ਬਹੁਤ ਪਸੰਦ ਹੈ ਅਤੇ ਜਿਥੇ ਕਿਤੇ ਪੰਜਾਬੀ ਗੀਤ ਵੱਜਦਾ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ। ਉਸ ਨੇ ਆਖਿਆ ਕਿ ਉਹ ਆਉਣ ਵਾਲੇ ਸਮੇਂ ਵਿਚ ਆਪਣੇ ਕੰਮ ਰਾਹੀਂ ਪੰਜਾਬੀਆਂ ਦਾ ਮਾਣ ਵਧਾਉਣਾ ਚਾਹੁੰਦਾ ਹੈ।