ਮੁੰਬਈ:ਬੌਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਵੱਲੋਂ ਸਾਲ 2014 ਵਿੱਚ ਫ਼ਿਲਮ ‘ਹੀਰੋਪੰਤੀ’ ਨਾਲ ਸ਼ੁਰੂਆਤ ਕਰਨ ਦੇ ਸਮੇਂ ਤੋਂ ਉਸ ਨੂੰ ਆਪਣੀ ਦਿੱਖ, ਅਦਾਕਾਰੀ ਤੇ ਹੋਰ ਕਈ ਕਾਰਨਾਂ ਕਰਕੇ ਨਿਖੇਧੀ ਅਤੇ ਟਰੌਲਿੰਗ ਦਾ ਸਾਹਮਣਾ ਕਰਨਾ ਪਿਆ। ਅਦਾਕਾਰ ਦਾ ਕਹਿਣਾ ਹੈ ਉਸ ਨੂੰ ਸੋਸ਼ਲ ਮੀਡੀਆ ’ਤੇ ਨਫ਼ਰਤ ਤੋਂ ਵੱਧ ਪਿਆਰ ਮਿਲਿਆ ਅਤੇ ਉਹ ਜ਼ਿਆਦਾਤਰ ਟਰੌਲਿੰਗ ਤੋਂ ਪ੍ਰਭਾਵਿਤ ਨਹੀਂ ਹੁੰਦਾ। ਹਾਲ ਹੀ ਵਿੱਚ ਅਦਾਕਾਰ ਟਾਈਗਰ ਸ਼ਰਾਫ਼ ਨੇ ਚੈਟ ਸ਼ੋਅ ‘ਪਿੰਚ ਸੀਜ਼ਨ 2’ ਦੇ ਇੱਕ ਭਾਗ ’ਚ ਅਰਬਾਜ਼ ਖ਼ਾਨ ਨਾਲ ਗੱਲਬਾਤ ਕੀਤੀ। ਸ਼ੋਅ ਦਾ ਵਿਸ਼ਾ ਟਰੌਲਿੰਗ ਅਤੇ ਮਸ਼ਹੂਰ ਹਸਤੀਆਂ ਬਾਰੇ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਨਾਲ ਸਬੰਧਤ ਸੀ। ਇਸ ਮੌਕੇ ਟਾਈਗਰ ਨੇ ਉਸ ਦੀ ਦਿੱਖ ਅਤੇ ਅਦਾਕਾਰੀ ਦੇ ਹੁਨਰ ਬਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਕਈ ਟਿੱਪਣੀਆਂ ਪੜ੍ਹੀਆਂ। ਇਨ੍ਹਾਂ ਦੇ ਜੁਆਬ ਵਿੱਚ ਟਾਈਗਰ ਨੇ ਕਿਹਾ, ‘‘ਮੈਂ ਆਪਣੀ ਪਹਿਲੀ ਫ਼ਿਲਮ ਰਿਲੀਜ਼ ਹੋਣ ਵੇਲੇ ਤੋਂ ਹੀ ਜਾਣਦਾ ਹਾਂ, ਜਦੋਂ ਲੋਕਾਂ ਨੇ ਕਿਹਾ ਸੀ ‘ਯੇ ਲੜਕਾ ਹੈ ਜਾਂ ਲੜਕੀ’ ਅਤੇ ਫਿਰ ਉਨ੍ਹਾਂ ਮੇਰਾ ਸਰੀਰ ਦੇਖਿਆ! ਕੁਝ ਲੋਕਾਂ ਨੇ ਮੇਰੇ ਐਕਸ਼ਨ ਸੀਨ ਪਸੰਦ ਕੀਤੇ ਅਤੇ ਕੁਝ ਨੇ ਹੋਰ। ਇਸੇ ਤਰ੍ਹਾਂ ਜਿਵੇਂ-ਜਿਵੇਂ ਪ੍ਰਸ਼ੰਸਕਾਂ ਤੋਂ ਮੈਨੂੰ ਪਿਆਰ ਮਿਲਦਾ ਗਿਆ, ਮੈਨੂੰ ਸੰਤੁਸ਼ਟੀ ਹੁੰਦੀ ਰਹੀ। ਮੈਂ ਬੌਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਉਣ ਦਾ ਫ਼ੈਸਲਾ ਕੀਤਾ, ਇਸ ਲਈ ਮੈਂ ਆਪਣੇ ਲਈ ਵੱਖਰਾ ਰਾਹ ਚੁਣਿਆ। ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਅਤੇ ਆਪਣੇ ਦਮ ’ਤੇ ਕੁਝ ਕਰਦੇ ਹੋ ਤਾਂ ਰੁਕਾਵਟਾਂ ਵੀ ਆਉਂਦੀਆਂ ਹਨ ਪਰ ਮੈਂ ਇਨ੍ਹਾਂ ਨੂੰ ਚੁਣੌਤੀ ਵਜੋਂ ਲਿਆ।’’ ਉਸ ਨੇ ਕਿਹਾ, ‘‘ਜਦੋਂ ਗੱਲ ਟਰੌਲਜ਼ ਦੀ ਆਉਂਦੀ ਹੈ ਤਾਂ ਕਈ ਵਾਰ ਇਹ ਡਰਾਉਣਾ ਹੁੰਦਾ ਹੈ ਕਿ ਇੱਕ ਬੇਨਾਮ, ਚਿਹਰਾ ਰਹਿਤ ਵਿਅਕਤੀ ਬਿਨਾਂ ਕਿਸੇ ਦੀ ਪਕੜ ’ਚ ਆਏ ਤੁਹਾਡੇ ਬਾਰੇ ਕੁਝ ਵੀ ਕਹਿ ਸਕਦਾ ਹੈ।’’ ਟਰੌਲਜ਼ ਵਿੱਚੋਂ ਇੱਕ ਕੁਮੈਂਟ ਟਾਈਗਰ ਨੇ ਪੜ੍ਹਿਆ, ‘‘ਕੀ ਤੁਸੀਂ ਕੁਆਰੇ ਹੋ?’’ ਅਦਾਕਾਰ ਨੇ ਇਸ ਦਾ ਜੁਆਬ ਦਿੰਦਿਆਂ ਕਿਹਾ, ‘‘ਮੈਂ ਸਲਮਾਨ ਭਾਈ ਵਾਂਗ ਕੁਆਰਾ ਹਾਂ।’’ ਅਰਬਾਜ਼ ਖ਼ਾਨ ਦੇ ਸ਼ੋਅ ‘ਪਿੰਚ ਸੀਜ਼ਨ 2’ ਦਾ ਇਹ ਐਪੀਸੋਡ ਭਲਕੇ 3 ਅਗਸਤ ਨੂੰ ਰਿਲੀਜ਼ ਹੋਵੇਗਾ।