ਲੰਡਨ, 11 ਅਗਸਤ

ਬਿ੍ਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਰਿਸ਼ੀ ਸੂਨਕ ਨੇ ਕਿਹਾ ਕਿ ਆਰਥਿਕ ਸੰਕਟ ਨਾਲ ਨਜਿੱਠਣ ਦੀ ਉਨ੍ਹਾਂ ਦੀ ਯੋਜਨਾ ਦੇ ਸਬੰਧ ਵਿੱਚ ਉਹ ਝੂਠੇ ਵਾਅਦੇ ਕਰਕੇ ਜਿੱਤ ਹਾਸਲ ਕਰਨ ਦੀ ਥਾਂ ਹਾਰਨਾ ਪਸੰਦ ਕਰਨਗੇ। ਬੀਬੀਸੀ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਉਹ ਵਚਨਬੱਧ ਹਨ। ਸੂਨਕ ਅਤੇ ਉਨ੍ਹਾਂ ਦੀ ਵਿਰੋਧੀ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਇਸ ਮੁੱਦੇ ਨੂੰ ਲੈ ਕੇ ਇਕ ਦੂਜੇ ਦੇ ਸਾਹਮਣੇ ਹਨ। ਟਰਸ ਨੇ ਟੈਕਟ ਘਟਾਉਣ ਦਾ ਵਾਅਦਾ ਕੀਤਾ ਹੈ, ਜਿਸ ਸਬੰਧੀ ਸੂਨਕ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਸਿਰਫ ਅਮੀਰ ਪਰਿਵਾਰਾਂ ਨੂੰ ਲਾਭ ਹੋਵੇਗਾ ਨਾ ਕਿ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵਧ ਲੋੜ ਹੈ। ਸੂਨਕ ਨੇ ਕਿਹਾ, ‘‘ ਮੈਂ ਝੂਠੇ ਵਾਅਦੇ ਕਰਕੇ ਜਿੱਤਣ ਦੀ ਥਾਂ ਹਾਰਨਾ ਪਸੰਦ ਕਰਾਂਗਾ। ’’