ਮੁੰਬਈ, 5 ਅਗਸਤ

ਫ਼ਿਲਮ ‘ਮੁਲਕ ਤੇ ਬਧਾਈ ਹੋ!’ ਅਤੇ ਵੈੱਬ ਸੀਰੀਜ਼ ‘ਪੰਚਾਇਤ’ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਉੱਘੀ ਬੌਲੀਵੁੱਡ ਅਦਾਕਾਰਾ ਨੀਨਾ ਗੁਪਤਾ ਦੀ ਸਿਨੇ ਜਗਤ ਵਿੱਚ ਦੂਜੀ ਪਾਰੀ ਹੈ ਅਤੇ ਉਮੀਦ ਹੈ ਕਿ ਉਸ ਨੂੰ ਅੱਗੇ ਵੀ ਚੰਗੀਆਂ ਭੂਮਿਕਾਵਾਂ ਮਿਲਦੀਆਂ ਰਹਿਣਗੀਆਂ। 62 ਸਾਲਾ ਅਦਾਕਾਰਾ ਹੁਣ ਫ਼ਿਲਮ ‘ਡਾਇਲ 100’ ਵਿੱਚ ਨਜ਼ਰ ਆਵੇਗੀ। ਉਸ ਦਾ ਕਹਿਣਾ ਹੈ ਕਿ ਆਉਣ ਵਾਲੀ ਫ਼ਿਲਮ ਵਿੱਚ ਉਸ ਨੂੰ ਦਿਲਚਸਪ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰੈਂਸਿਲ ਡੀਸਿਲਵਾ ਨੇ ਕੀਤਾ ਹੈ। ਇਹ ਫ਼ਿਲਮ ਇਕ ਪੁਲੀਸ ਅਫ਼ਸਰ ਨਿਖਿਲ ਸੂਦ (ਮਨੋਜ ਬਾਜਪਾਈ) ਦੀ ਕਹਾਣੀ ਹੈ, ਜਿਸ ਨੂੰ ਹੈਲਪਲਾਈਨ ’ਤੇ ਇਕ ਦੁਖੀ ਔਰਤ (ਗੁਪਤਾ) ਦਾ ਫੋਨ ਆਉਂਦਾ ਹੈ ਤੇ ਉਹ ਖੁਦਕੁਸ਼ੀ ਕਰਨਾ ਚਾਹੁੰਦੀ ਹੈ। ਇਹ ਫੋਨ ਕਾਲ ਉਸ ਨੂੰ ਮੁਸੀਬਤ ਵਿਚ ਪਾ ਦਿੰਦੀ ਹੈ ਕਿਉਂਕਿ ਉਹ ਔਰਤ ਉਸ ਦੀ ਪਤਨੀ (ਸਾਕਸ਼ੀ ਤੰਵਰ) ਅਤੇ ਪੁੱਤਰ ਨੂੰ ਬੰਦੀ ਬਣਾ ਲੈਂਦੀ ਹੈ। ਨੀਨਾ ਗੁਪਤਾ ਨੇ ਆਖਿਆ,‘‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਨੇ ਚੰਗੇ ਕਿਰਦਾਰ ਮਿਲ ਰਹੇ ਹਨ। ਮੈਂ ਅਨੁਪਮ ਖੇਰ ਨਾਲ ਫ਼ਿਲਮ ‘ਸ਼ਿਵ ਸ਼ਾਸਤਰੀ ਬਲਬੋਆ’ ਦੀ ਸ਼ੂਟਿੰਗ ਕਰ ਰਹੀ ਹਾਂ ਅਤੇ ਹੁਣ ਮੈਂ ਬਿਲਕੁਲ ਵੱਖਰੀ ਭੂਮਿਕਾ ਵਿੱਚ ਹਾਂ। ਮੇਰੇ ਕੋਲ ‘ਪੰਚਾਇਤ, ਮਸਾਬਾ ਮਸਾਬਾ’ ਵਰਗੀ ਸੀਰੀਜ਼ ਦਾ ਦੂਜਾ ਸੀਜ਼ਨ ਵੀ ਹੈ ਅਤੇ ਇਕ ਫ਼ਿਲਮ ਅੰਗਦਾਨ ਬਾਰੇ ਹੈ, ਜਿਸ ਵਿਚ ਮੈਂ ਮੁੱਖ ਭੂਮਿਕਾ ਵਿਚ ਹਾਂ। ਮੇਰੇ ਕੋਲ ਬਹੁਤ ਕੰਮ ਹੈ ਪਰ ਫਿਰ ਵੀ ਮੈਂ ਬਹੁਤ ਲਾਲਚੀ ਹਾਂ।’’