ਮੁੰਬਈ:ਅਦਾਕਾਰਾ ਮਲਾਇਕਾ ਅਰੋੜਾ ਨੇ ਅਦਾਕਾਰ ਅਰਜੁਨ ਕਪੂਰ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ ਹੈ। ਇਸ ਦਾ ਖੁਲਾਸਾ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਕੀਤਾ। ਮਲਾਇਕਾ ਨੇ ਇਕ ਤਸਵੀਰ ਸਾਂਝੀ ਕਰਦਿਆਂ ਆਖਿਆ, ‘ਮੈਂ ਅਰਜੁਨ ਨੂੰ ਵਿਆਹ ਲਈ ਹਾਂ ਕਰ ਦਿੱਤੀ ਹੈ।’ ਇਸ ਤਸਵੀਰ ਵਿੱਚ ਮਲਾਇਕਾ ਸ਼ਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਇਸ ਪੋਸਟ ’ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਦੋਵਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ। ਅਦਾਕਾਰ ਪੁਲਕਿਤ ਸਮਰਾਟ ਨੇ ਕਿਹਾ, ‘ਵਾਹ…ਮੁਬਾਰਕਬਾਦ।’ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਸ਼ਮਿਤਾ ਸ਼ੈੱਟੀ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਪਿਛਲੇ ਕੁਝ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਵੱਲੋਂ ਕੁਝ ਸਾਲ ਪਹਿਲਾਂ ਹੀ ਆਪਣਾ ਇਹ ਰਿਸ਼ਤਾ ਜਨਤਕ ਕੀਤਾ ਗਿਆ ਹੈ। ਦੋਵਾਂ ਦੀ ਉਮਰ ਵਿੱਚ 12 ਸਾਲਾਂ ਦਾ ਫਰਕ ਹੋਣ ਕਰਕੇ ਵੱਡੀ ਗਿਣਤੀ ਲੋਕਾਂ ਵੱਲੋਂ ਇਸ ਰਿਸ਼ਤੇ ’ਤੇ ਇਤਰਾਜ਼ ਕੀਤਾ ਗਿਆ ਪਰ ਫਿਰ ਵੀ ਵੱਡੀ ਗਿਣਤੀ ਪ੍ਰਸ਼ੰਸਕ ਦੋਵਾਂ ਲਈ ਦੁਆਵਾਂ ਦੇ ਰਹੇ ਹਨ। ਦੂਜੇ ਪਾਸੇ ਅਦਾਕਾਰ ਅਰਜੁਨ ਕਪੂਰ ਛੇਤੀ ਹੀ ਨਿਰਦੇਸ਼ਕ ਆਸਮਾਨ ਭਾਰਦਵਾਜ ਦੀ ਫ਼ਿਲਮ ‘ਕੁੱਤੇ’ ਵਿੱਚ ਦਿਖਾਈ ਦੇਵੇਗਾ, ਜਿਸ ਵਿੱਚ ਉਸ ਨਾਲ ਰਾਧਿਕਾ ਮਦਾਨ, ਤੱਬੂ ਅਤੇ ਕੋਂਕਨਾ ਸੇਨ ਸ਼ਰਮਾ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੀਆਂ। ਇਹ ਫਿਲਮ ਅਗਲੇ ਸਾਲ 13 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।