ਮੁੰਬਈ:‘ਸ਼ਮਸ਼ੇਰਾ’ ਨਾਲ ਵੱਡੇ ਪਰਦੇ ’ਤੇ ਹਾਜ਼ਰੀ ਲਵਾਉਣ ਜਾ ਰਹੀ ਅਦਾਕਾਰਾ ਵਾਣੀ ਕਪੂਰ ਨੂੰ ਉਮੀਦ ਹੈ ਕਿ ਸਾਲ 2022 ਉਸ ਦਾ ਹਿੰਦੀ ਸਿਨੇਮਾ ਵਿੱਚ ਸਭ ਤੋਂ ਬਿਹਤਰ ਸਾਲ ਹੋਵੇਗਾ। ਅਦਾਕਾਰਾ ਨੇ ਕਿਹਾ, ‘‘ਮੈਂ ਉਮੀਦ ਕਰ ਰਹੀ ਹਾਂ ਕਿ ਸਿਨੇਮਾ ਵਿੱਚ ਮੇਰੇ ਲਈ ਇਹ ਵਧੀਆ ਵਰ੍ਹਾ ਰਹੇਗਾ। ਮੈਨੂੰ ਹਾਲੇ ਵੀ ‘ਚੰਡੀਗੜ੍ਹ ਕਰੇ ਆਸ਼ਕੀ’ ਲਈ ਪਿਆਰ ਮਿਲ ਰਿਹਾ ਹੈ। ਇਹ ਇੱਕ ਅਜਿਹੀ ਫਿਲਮ ਹੈ, ਜੋ ਹਮੇਸ਼ਾ ਮੇਰੇ ਲਈ ਖਾਸ ਰਹੇਗੀ। ਕਿਸੇ ਵੀ ਕਲਾਕਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਵੱਲੋਂ ਕੀਤੇ ਕੰਮ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਹੋਵੇ ਅਤੇ ਮੇਰੇ ਨਾਲ ਅਜਿਹਾ ਹੋਇਆ ਹੈ।’’ ਉਸ ਨੇ ਅੱਗੇ ਕਿਹਾ, ‘‘ਮੈਂ ਚਾਹੁੰਦੀ ਹਾਂ ਕਿ ਲੋਕਾਂ ਤੋਂ ਇਹੀ ਪਿਆਰ ਮੈਨੂੰ ‘ਸ਼ਮਸ਼ੇਰਾ’ ਵਿੱਚ ਕੀਤੇ ਕੰਮ ਲਈ ਮਿਲੇ।’’ ਕਰਨ ਮਲਹੋਤਰਾ ਦੇ ਨਿਰਦੇਸ਼ਨ ਹੇਠ ਕੰਮ ਕਰਨ ਬਾਰੇ ਵਾਣੀ ਨੇ ਕਿਹਾ, ‘‘ਮੈਂ ਸੈੱਟ ’ਤੇ ਪੂਰੀ ਜੀਅ-ਜਾਨ ਲਾ ਕੇ ਕੰਮ ਕੀਤਾ ਅਤੇ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੇਰੇ ਕਹਿਣ ਦਾ ਕੀ ਮਤਲਬ ਹੈ। ਮੈਂ ਆਪਣੇ-ਆਪ ਨੂੰ ਫਿਲਮ ਵਿੱਚ ਪੂਰੀ ਤਰ੍ਹਾਂ ਝੋਕ ਦਿੱਤਾ। ਇਸ ਲਈ ਉਮੀਦ ਹੈ ਕਿ ‘ਚੰਡੀਗੜ੍ਹ ਕਰੇ ਆਸ਼ਕੀ’ ਤੋਂ ਬਾਅਦ ‘ਸ਼ਮਸ਼ੇਰਾ’ ਵੀ ਅਜਿਹੀ ਫਿਲਮ ਹੋਵੇਗੀ, ਜਿਸ ਨੂੰ ਦੇਖ ਕੇ ਲੋਕ ਕਹਿਣਗੇ ਕਿ ਪਰਦੇ ’ਤੇ ਕੁਝ ਵੀ ਕਰਨ ਲਈ ਮੇਰੇ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਮੈਂ ਹਮੇਸ਼ਾ ਆਪਣੇ-ਆਪ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੀ।’’