ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਰਕਸ਼ਾਬੰਧਨ’ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਅਕਸ਼ੈ ਨੇ ਆਪਣੀ ਭੈਣ ਅਲਕਾ ਭਾਟੀਆ ਦੀ ਰੱਜ ਕੇ ਤਾਰੀਫ ਕੀਤੀ। ਉਸ ਨੇ ਏਜੰਸੀ ‘ਆਈਏਐੱਨਐੱਸ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਭੈਣ ਉਸ ਨਾਲ ਕਿਤੇ ਬਿਹਤਰ ਹੈ। ਉਹ ਇਸ ਤੱਥ ਨਾਲ ਸਹਿਮਤ ਹੈ ਕਿ ਭੈਣਾਂ ਹਰ ਵੇਲੇ ਭਰਾ ਦਾ ਵੱਧ ਮੋਹ ਕਰਦੀਆਂ ਹਨ। ਅਕਸ਼ੈ ਦੱਸਦਾ ਹੈ ਕਿ ਉਸ ਦੀ ਭੈਣ ਵਿਅਕਤੀਗਤ ਤੌਰ ’ਤੇ ਵੀ ਬਹੁਤ ਚੰਗੀ ਹੈ। ਅਕਸ਼ੈ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲਾਂ ਸਾਂਝੀਆਂ ਕਰਦਾ ਹੈ ਪਰ ਉਸ ਨੇ ਦੱਸਿਆ ਕਿ ਭੈਣ-ਭਰਾ ਦਾ ਰਿਸ਼ਤਾ ਉਸ ਲਈ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਤੁਹਾਡੀ ਭੈਣ ਤੁਹਾਡੀ ਸਭ ਤੋਂ ਚੰਗੀ ਦੋਸਤ ਵੀ ਹੁੰਦੀ ਹੈ। ਤੁਸੀਂ ਉਸ ਦੇ ਮੋਢਿਆਂ ’ਤੇ ਆਪਣਾ ਸਿਰ ਰੱਖ ਕੇ ਸਭ ਕੁਝ ਸਾਂਝਾ ਕਰ ਸਕਦੇ ਹੋ। ਉਸ ਨੇ ਇਹ ਕਦੀ ਨਹੀਂ ਸੁਣਿਆ ਕਿ ਭੈਣ ਨੇ ਆਪਣੇ ਭਰਾ ਦਾ ਸਾਥ ਨਹੀਂ ਦਿੱਤਾ। ਆਨੰਦ ਐੱਲ. ਰਾਏ ਦੇ ਨਿਰਦੇਸ਼ਨ ਹੇਠ ਤਿਆਰ ਫ਼ਿਲਮ ‘ਰਕਸ਼ਾਬੰਧਨ’ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਕਾਮੇਡੀ ਤੇ ਡਰਾਮੇ ਭਰਪੂਰ ਫ਼ਿਲਮ ਵਿੱਚ ਭੂਮੀ ਪੇਡਨੇਕਰ, ਸਾਦੀਆ ਖਤੀਬ, ਸਹਿਜਮੀਨ ਕੌਰ, ਸਮ੍ਰਿਤੀ ਸ੍ਰੀਕਾਂਤ ਤੇ ਦੀਪਿਕਾ ਖੰਨਾ ਸਹਿ ਕਲਾਕਾਰ ਹਨ।