ਲੁਧਿਆਣਾ, 23ਨਵੰਬਰ

ਸਨਅਤੀ ਸ਼ਹਿਰ ਵਿੱਚ ਵਰਕਰ ਮਿਲਣੀ ਲਈ ਲੁਧਿਆਣਾ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਟੋ ਚਾਲਕਾਂ ਦੇ ਸਾਰੇ ਚਲਾਨ ਮੁਆਫ਼ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ’ਚ ਆਟੋ ਤੇ ਟੈਕਸੀ ਚਾਲਕਾਂ ਨਾਲ ਮਿਲ ਕੇ ਵੋਟ ਬੈਂਕ ’ਤੇ ਨਿਸ਼ਾਨਾ ਲਾਉਣ ਜਾ ਰਹੇ ਸਨ ਪਰ ਚਰਨਜੀਤ ਸਿੰਘ ਚੰਨੀ ਉਸ ਤੋਂ ਪਹਿਲਾਂ ਹੀ ਗਿੱਲ ਰੋਡ ਸਥਿਤ ਆਟੋ ਡਰਾਈਵਰਜ਼ ਐਸੋਸੀਏਸ਼ਨ ਦੇ ਦਫ਼ਤਰ ਪੁੱਜ ਗਏ। ਉੱਥੇ ਉਨ੍ਹਾਂ ਆਟੋ ਚਾਲਕਾਂ ਨਾਲ ਚਾਹ ਪੀਤੀ ਅਤੇ ਗੱਲਬਾਤ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਆਟੋ ਚਲਾਇਆ ਹੈ ਇਸ ਲਈ ਉਹ ਇਨ੍ਹਾਂ ਦੀਆਂ ਮੁਸ਼ਕਲਾਂ ਸਮਝਦੇ ਹਨ।

ਮੌਕੇ ’ਤੇ ਜ਼ਿਆਦਾ ਭੀੜ ਹੋਣ ਕਰਕੇ ਮੁੱਖ ਮੰਤਰੀ ਨੇ ਇੱਕ ਲੱਕੜ ਦੇ ਬੈਂਚ ’ਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਟੋ ਚਾਲਕਾਂ ਦੇ ਸਾਰੇ ਪੁਰਾਣੇ ਜੁਰਮਾਨੇ ਮੁਆਫ਼ ਕਰ ਰਹੀ ਹੈ। ਆਟੋ ਚਾਲਕਾਂ ਨੂੰ ਪੁਲੀਸ ਵੱਲੋਂ ਪ੍ਰੇਸ਼ਾਨ ਕਰਨ ਦੀ ਸਮੱਸਿਆ ’ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਜਿਸ ਆਟੋ ’ਤੇ ਇਹ ਸਰਟੀਫਿਕੇਟ ਲੱਗਿਆ ਹੋਵੇਗਾ, ਉਸ ਨੂੰ ਕੋਈ ਪੁਲੀਸ ਵਾਲਾ ਤੰਗ ਨਹੀਂ ਕਰੇਗਾ। ਇਸ ਤੋਂ ਇਲਾਵਾ ਸਰਟੀਫਿਕੇਟ ਲਾਉਣ ਵਾਲੇ ਨੂੰ ਡਰਾਈਵਿੰਗ ਲਾਇਸੈਂਸ ਦੀ ਲੋੜ ਵੀ ਨਹੀਂ ਹੋਵੇਗੀ। ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੰਤਰੀ ਭਾਰਤ ਭੂਸ਼ਣ ਆਸ਼ੂ, ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਕੁਲਦੀਪ ਸਿੰਘ ਵੈਦ, ਸੰਜੈ ਤਲਵਾੜ ਤੇ ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ।