ਬਰਮਿੰਘਮ, 5 ਅਗਸਤ

ਅਮਿਤ ਪੰਘਾਲ, ਜੈਸਮੀਨ ਲੰਬੋਰੀਆ ਤੇ ਸਾਗਰ ਅਹਿਵਾਵਤ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ’ਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ’ਚ ਪਹੁੰਚ ਗਏ ਜਿਸ ਨਾਲ ਮੁੱਕੇਬਾਜ਼ੀ ਦੇ ਰਿੰਗ ’ਚ ਭਾਰਤ ਦੇ ਛੇ ਤਗ਼ਮੇ ਪੱਕੇ ਹੋ ਗਏ ਹਨ। ਗੋਲਡ ਕੋਸਟ ’ਚ ਪਿਛਲੇ ਗੇੜ ਦੇ ਚਾਂਦੀ ਤਗ਼ਮਾ ਜੇਤੂ ਪੰਘਾਲ ਨੇ ਫਲਾਈਵੇਟ (48-51 ਕਿਲੋ) ਕੁਆਰਟਰ ਫਾਈਨਲ ’ਚ ਸਕਾਟਲੈਂਡ ਦੇ ਲੈਨੋਨ ਮੁਲੀਗਨ ਖ਼ਿਲਾਫ਼ ਸਰਬ ਸਹਿਮਤੀ ਨਾਲ ਲਏ ਗਏ ਫ਼ੈਸਲੇ ’ਚ ਜਿੱਤ ਦਰਜ ਕੀਤੀ। ਉਸ ਤੋਂ ਬਾਅਦ ਜੈਸਮੀਨ ਨੇ ਮਹਿਲਾਵਾਂ ਦੇ ਲਾਈਟਵੇਟ (60 ਕਿਲੋ) ਭਾਰ ਵਰਗ ਦੇ ਕੁਆਰਟਰਫਾਈਨਲ ’ਚ ਨਿਊਜ਼ੀਲੈਂਡ ਦੀ ਟ੍ਰਾਇ ਗਾਰਟਨ ਨੂੰ 4-1 ਦੇ ਫਰਕ ਨਾਲ ਹਰਾਇਆ। ਪੰਘਾਲ ਤੇ ਮੁਲੀਗਨ ਵਿਚਾਲੇ ਮੁਕਾਬਲਾ ਜ਼ਿਆਦਾ ਚੁਣੌਤੀ ਭਰਿਆ ਨਹੀਂ ਸੀ। 26 ਸਾਲਾ ਭਾਰਤੀ ਮੁੱਕੇਬਾਜ਼ ਨੇ ਆਪਣੇ ਨੌਜਵਾਨ ਸਕਾਟਿਸ਼ ਵਿਰੋਧੀ ਨੂੰ ਮਜ਼ਬੂਤ ਡਿਫੈਂਸ ਦੀ ਮਦਦ ਨਾਲ ਥਕਾ ਦਿੱਤਾ। ਪੰਘਾਲ ਨੇ ਫੁਰਤੀ ਭਰੇ ਜਵਾਬੀ ਹਮਲੇ ਨਾਲ ਵਿੱਚ-ਵਿੱਚ ਅੰਕ ਹਾਸਲ ਕੀਤੇ। ਪਹਿਲੇ ਦੋ ਗੇੜ ’ਚ ਪੰਘਾਲ ਨੇ ਗਾਰਡ ਡਾਊਨ (ਹੱਥ ਹੇਠਾਂ ਰੱਖ ਕੇ ਖੇਡਦੇ ਹੋਏ) ਰੱਖਦਿਆਂ ਮੁਲੀਗਨ ਨੂੰ ਹਮਲਾਵਰ ਹੋਣ ਲਈ ਉਕਸਾਇਆ ਪਰ ਫੁਰਤੀ ਨਾਲ ਉਸ ਦੀ ਪਹੁੰਚ ਤੋਂ ਬਾਹਰ ਹੋ ਗਿਆ। ਹਰਿਆਣਾ ਦੇ 22 ਸਾਲਾ ਸਾਗਰ ਅਹਿਲਾਵਤ ਨੇ ਪੁਰਸ਼ਾਂ ਦੇ ਸੁਪਰ ਹੈਵੀਵੇਟ (+92 ਕਿੱਲੋ) ਵਰਗ ਦੇ ਕੁਆਰਟਰ ਫਾਈਨਲ ’ਚ ਸੈਸ਼ੇਲਜ਼ ਦੇ ਕੇਡੀ ਇਵਾਂਸ ਐਗਨੇਸ ’ਤੇ 5-0 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਮੁੱਕੇਬਾਜ਼ੀ ’ਚ ਭਾਰਤ ਦੇ ਛੇ ਛਗ਼ਮੇ ਪੱਕੇ ਹੋ ਗਏ ਹਨ। ਨਿਖਤ ਜ਼ਰੀਨ (50 ਕਿਲੋ), ਨੀਤੂ ਗੰਘਾਸ (48 ਕਿਲੋ) ਅਤੇ ਮੁਹੰਮਦ ਹੁਸਾਮੂਦੀਨ (57 ਕਿਲੋ) ਵੀ ਸੈਮੀਫਾਈਨਲ ’ਚ ਪਹੁੰਚ ਕੇ ਤਗ਼ਮੇ ਪੱਕੇ ਕਰ ਚੁੱਕੇ ਹਨ।