ਜਦਾਹ (ਸਾਊਦੀ ਅਰਬ):ਯੂਕਰੇਨ ਦੇ ਮੁੱਕੇਬਾਜ਼ ਅਲੈਗਜ਼ੈਂਡਰ ਉਸਿਕ ਨੇ ਇੱਥੇ ਕਿੰਗ ਅਬਦੁੱਲਾ ਸਪੋਰਟਸ ਸਿਟੀ ਵਿੱਚ ਰੋਮਾਂਚਕ ਮੁਕਾਬਲੇ ’ਚ ਐਂਥਨੀ ਜੋਸ਼ੂਆ ’ਤੇ ਵੰਡ ਦੇ ਫੈਸਲੇ ਨਾਲ ਜਿੱਤ ਦਰਜ ਕਰਕੇ ਆਪਣਾ ਵਿਸ਼ਵ ਹੈਵੀਵੇਟ ਖਿਤਾਬ ਬਰਕਰਾਰ ਰੱਖਿਆ। ਸ਼ਨਿਚਰਵਾਰ ਨੂੰ ਹੋਏ ਇਸ ਮੈਚ ’ਚ ਜਦੋਂ ਜੱਜ ਆਪਣਾ ਫੈਸਲਾ ਸੁਣਾ ਰਹੇ ਸਨ ਤਾਂ ਦੋਵਾਂ ਮੁੱਕੇਬਾਜ਼ਾਂ ਨੇ ਯੂਕਰੇਨ ਦਾ ਝੰਡਾ ਚੁੱਕਿਆ ਹੋਇਆ ਸੀ। ਜਦੋਂ ਉਸਿਕ ਨੂੰ ਜੇਤੂ ਐਲਾਨਿਆ ਗਿਆ ਤਾਂ ਉਸ ਨੇ ਝੰਡੇ ਨਾਲ ਆਪਣਾ ਮੂੰਹ ਢਕ ਲਿਆ। 35 ਸਾਲਾ ਉਸਿਕ ਨੇ ਰੂਸ ਦੇ ਹਮਲੇ ਖ਼ਿਲਾਫ਼ ਯੂਕਰੇਨੀ ਫੌਜ ਵਿੱਚ ਸੇਵਾ ਕਰਨ ਤੋਂ ਛੇ ਮਹੀਨੇ ਬਾਅਦ ਡਬਲਯੂਬੀਏ, ਡਬਲਯੂਬੀਓ ਅਤੇ ਆਈਬੀਐੱਫ ਖਿਤਾਬ ਜਿੱਤੇ। ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਮੈਚ ਤੋਂ ਪਹਿਲਾਂ ਉਸ ਨੂੰ ਸੰਦੇਸ਼ ਭੇਜਿਆ ਸੀ। ਮੈਚ ਤੋਂ ਬਾਅਦ ਉਸ ਦੇ ਵਿਰੋਧੀ ਜੋਸ਼ੂਆ ਨੇ ਵੀ ਉਸ ਦੇ ਹੌਸਲੇ ਦੀ ਤਾਰੀਫ ਕੀਤੀ।