ਮੁਹਾਲੀ, 7 ਫਰਵਰੀ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਧਰਮਸੋਤ ਖ਼ਿਲਾਫ਼ ਜੰਗਲਾਤ ਵਿਭਾਗ ਵਿੱਚ ਹੋਏ ਵੱਖੋ-ਵੱਖ ਘਪਲਿਆਂ ਬਾਰੇ ਭ੍ਰਿਸ਼ਟਾਚਾਰ ਦਾ ਕੇਸ ਚੱਲ ਰਿਹਾ ਹੈ। ਸਾਬਕਾ ਮੰਤਰੀ ‘ਤੇ ਪੈਸੇ ਲੈ ਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਬਦਲੀਆਂ ਕਰਨ ਦਾ ਵੀ ਦੋਸ਼ ਹੈ। ਵਿਜੀਲੈਂਸ ਅਨੁਸਾਰ ਧਰਮਸੋਤ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਜਾਂਚ ਚੱਲ ਰਹੀ ਸੀ। ਜਾਂਚ ਏਜੰਸੀ ਨੇ ਮੁੱਢਲੀ ਤਫਤੀਸ਼ ਤੋਂ ਬਾਅਦ ਸਾਬਕਾ ਮੰਤਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਤਹਿਤ ਮੁਹਾਲੀ ਸਥਿਤ ਵਿਜੀਲੈਂਸ ਥਾਣੇ ਵਿੱਚ ਨਵਾਂ ਮੁਕੱਦਮਾ ਦਰਜ ਕਰਕੇ ਉਸ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵਿਜੀਲੈਂਸ ਅਨੁਸਾਰ ਸਾਬਕਾ ਮੰਤਰੀ ਅਤੇ ਉਸ ਦੇ ਪਰਿਵਾਰ ਦੀ ਆਮਦਨ 2,37,12,596.48 ਰੁਪਏ ਸੀ ਜਦਕਿ ਖਰਚਾ 8,76,30,888.87 ਰੁਪਏ ਸੀ। ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲੋਂ 269 ਪ੍ਰਤੀਸ਼ਤ ਵੱਧ ਸੀ।