ਲੰਡਨ:ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਦੁਨੀਆ ਦਾ ਮਸ਼ਹੂਰ ਇੰਗਲਿਸ਼ ਫੁਟਬਾਲ ਕਲੱਬ ਲਿਵਰਪੂਲ ਐੱਫਸੀ ਖਰਦੀਣ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਇਹ ਰਿਪੋਰਟ ਇੰਗਲੈਂਡ ਦੇ ਅਖਬਾਰ ‘ਦਿ ਮਿਰਰ’ ਨੇ ਦਿੱਤੀ ਹੈ। ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਕਲੱਬ ਦਾ ਮੌਜੂਦਾ ਮਾਲਕ ਫੇਨਵੇ ਸਪੋਰਟਸ ਗਰੁੱਪ (ਐੱਫਐੱਸਜੀ) ਇਸ ਨੂੰ ਵੇਚਣਾ ਚਾਹੁੰਦਾ ਹੈ, ਜਿਸ ਨੇ ਅਕਤੂਬਰ 2010 ਵਿੱਚ ਮਰਸੀਸਾਈਡ ਕਲੱਬ ਖਰੀਦਿਆ ਸੀ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਐੱਫਐੱਸਜੀ ਆਪਣੇ ਕਲੱਬ ਨੂੰ ਚਾਰ ਅਰਬ ਪੌਂਡ ਵਿੱਚ ਵੇਚਣਾ ਚਾਹੁੰਦਾ ਹੈ। ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅੰਬਾਨੀ ਨੇ ਕਲੱਬ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਹਾਲਾਂਕਿ ਕੰਪਨੀ ਨਾਲ ਜੁੜੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਐੱਫਐੱਸਜੀ ਦੇ ਬਿਆਨ ਅਨੁਸਾਰ, ‘‘ਲਿਵਰਪੂਲ ਵਿੱਚ ਭਾਈਵਾਲ ਬਣਨ ਲਈ ਤੀਜੀਆਂ ਧਿਰਾਂ ਦਿਲਚਸਪੀ ਲੈ ਰਹੀਆਂ ਹਨ। ਐੱਫਐੱਸਜੀ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਅਸੀਂ ਸਹੀ ਸ਼ਰਤਾਂ ਤਹਿਤ ਹੀ ਨਵੇਂ ਭਾਈਵਾਲ ’ਤੇ ਵਿਚਾਰ ਕਰਾਂਗੇ। ਅਸੀਂ ਦੇਖਾਂਗੇ ਕਿ ਇਹ ਫ਼ੈਸਲਾ ਲਿਵਰਪੂਲ ਦੇ ਹਿੱਤ ਵਿੱਚ ਹੋਵੇਗਾ ਜਾਂ ਨਹੀਂ।’’