ਸ੍ਰੀਨਗਰ, 23 ਸਤੰਬਰ
ਪਿਛਲੇ ਚਾਰ ਸਾਲਾਂ ਤੋਂ ਘਰ ’ਚ ਨਜ਼ਰਬੰਦ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਅਗਸਤ 2019 ’ਚ ਧਾਰਾ 370 ਰੱਦ ਕਰਨ ਮਗਰੋਂ ਮੀਰਵਾਇਜ਼ ਨੂੰ ਹਿਰਾਸਤ ’ਚ ਲਿਆ ਗਿਆ ਸੀ। ਰਿਹਾਈ ਮਗਰੋਂ ਉਨ੍ਹਾਂ ਨੌਹੱਟਾ ਇਲਾਕੇ ’ਚ ਸਥਿਤ ਇਤਿਹਾਸਕ ਜਾਮਾ ਮਸਜਿਦ ’ਚ ਜੁੰਮੇ ਦੀ ਨਮਾਜ਼ ਪੜ੍ਹੀ। ਅੰਜੁਮਨ ਔਕਾਫ਼ ਜਾਮਾ ਮਸਜਿਦ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਵੀਰਵਾਰ ਨੂੰ ਮੀਰਵਾਇਜ਼ ਨੂੰ ਉਨ੍ਹਾਂ ਦੀ ਨਿਗੀਨ ਸਥਿਤ ਰਿਹਾੲਿਸ਼ ’ਤੇ ਮਿਲੇ ਸਨ ਅਤੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਨਜ਼ਰਬੰਦੀ ਖ਼ਤਮ ਕੀਤੀ ਜਾ ਰਹੀ ਹੈ ਅਤੇ ਉਹ ਜੁੰਮੇ ਦੀ ਨਮਾਜ਼ ਲਈ ਜਾਮਾ ਮਸਜਿਦ ਜਾ ਸਕਦੇ ਹਨ। ਮੀਰਵਾਇਜ਼ ਦੀ ਰਿਹਾਈ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਉਨ੍ਹਾਂ ਜੰਮੂ ਕਸ਼ਮੀਰ ਹਾਈ ਕੋਰਟ ਪਹੁੰਚ ਕੀਤੀ ਸੀ। ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਅਪਨੀ ਪਾਰਟੀ ਦੇ ਮੁਖੀ ਅਲਤਾਫ਼ ਬੁਖਾਰੀ ਅਤੇ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਮੁੱਖ ਤਰਜਮਾਨ ਸਲਮਾਨ ਨਿਜ਼ਾਮੀ ਨੇ ਮੀਰਵਾਇਜ਼ ਦੀ ਨਜ਼ਰਬੰਦੀ ਖ਼ਤਮ ਹੋਣ ਦਾ ਸਵਾਗਤ ਕੀਤਾ।