ਬਲਜਿੰਦਰ ਮਾਨ

ਇਸ ਵਾਰ ਜੀਤੇ ਨੇ ਆਪਣੇ ਖੇਤਾਂ ਵਿਚ ਛੱਲੀਆਂ ਬੀਜੀਆਂ ਸਨ। ਉਸ ਨੇ ਆਪਣੇ ਖੇਤਾਂ ਦੀ ਤਿਆਰੀ ਬੜੀ ਰੀਝ ਨਾਲ ਕੀਤੀ। ਇਸ ਕੰਮ ਵਿੱਚ ਉਸ ਦੇ ਸਾਰੇ ਪਰਿਵਾਰ ਨੇ ਹੱਥ ਵਟਾਇਆ। ਇੱਥੋਂ ਤੱਕ ਕਿ ਬਿਜਾਈ ਵੀ ਹੱਥੀਂ ਕੇਰਾ ਕਰਕੇ ਕੀਤੀ। ਬੱਚਿਆਂ ਨੇ ਖੁਦ ਨਿੱਕੀਆਂ ਨਿੱਕੀਆਂ ਝੋਲੀਆਂ ਬਣਾਈਆਂ। ਜਿਨ੍ਹਾਂ ਵਿੱਚ ਜੀਤੇ ਦੀ ਘਰਵਾਲੀ ਸੰਤੀ ਨੇ ਛੱਟ ਸੁਆਰ ਕੇ ਬੀਜ ਪਾਏ। ਬੱਚਿਆਂ ਨੇ ਇਕੱਲਾ ਇਕੱਲਾ ਦਾਣਾ ਸਿਆੜਾਂ ਵਿੱਚ ਬੀਜ ਦਿੱਤਾ। ਜਦੋਂ ਬਿਜਾਈ ਕੀਤੀ ਜਾ ਰਹੀ ਸੀ ਤਾਂ ਜੀਤਾ ਬੱਚਿਆਂ ਨੂੰ ਸਮਝਾ ਰਿਹਾ ਸੀ।

‘‘ਸਿਆਣੇ ਆਖਦੇ ਨੇ ਕਣਕ ਕਮਾਦੀ ਸੰਘਣੀ, ਟਾਂਵੀ ਟਾਂਵੀ ਕਪਾਹ, ਲੇਫ ਦੀ ਬੁੱਕਲ ਮਾਰ ਕੇ ਛੱਲੀਆਂ ਵਿੱਚੋਂ ਲੰਘ ਜਾਹ।’ ਇਸ ਦਾ ਅਰਥ ਤੁਸੀਂ ਸਮਝ ਗਏ ਹੋ ਜਾਂ ਮੈਂ ਹੀ ਸਮਝਾਵਾਂ।’’ ਐਨੇ ਨੂੰ ਰਵੀ ਬੋਲ ਪਿਆ, ‘‘ਡੈਡੀ ਜੀ ਅਜੇ ਸਾਨੂੰ ਸਿਆਣੀਆਂ ਗੱਲਾਂ ਸਮਝ ਨ੍ਹੀਂ ਆਉਂਦੀਆਂ। ਅਸੀਂ ਅਜੇ ਬੱਚੇ ਹਾਂ ਨਾ।’’

‘‘ਓ ਭਲੇਮਾਣਸੋ ! ਤੁਸੀਂ ਜੁਆਨ ਵੀ ਹੋਣਾ ਹੈ। ਜੇ ਹੁਣ ਤੋਂ ਸਿਆਣੀਆਂ ਗੱਲਾਂ ਸਮਝੋਗੇ ਤਦ ਹੀ ਅੱਗੇ ਜਾ ਕੇ ਕੋਈ ਕੰਮਕਾਰ ਜੋਗੇ ਹੋਵੋਗੇ। ਇਸ ਕਰਕੇ ਸਿਆਣਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਿਆ ਕਰੋ। ਫਿਰ ਉਨ੍ਹਾਂ ’ਤੇ ਅਮਲ ਵੀ ਕਰਨਾ ਹੈ। ਸੁਣ ਸੁਣਾ ਕੇ ਹੀ ਨਹੀਂ ਛੱਡ ਦੇਣੀਆ।’’ ਫਿਰ ਸਾਰੇ ਬੱਚੇ ਇਕੱਠੇ ਹੀ ਬੋਲ ਪਏ, ‘‘ਡੈਡੀ ਜੀ ਅਸੀਂ ਤਾਂ ਜ਼ਰੂਰ ਅਮਲ ਕਰਾਂਗੇ।’’

‘‘ਸ਼ਾਬਾਸ਼! ਮੈਨੂੰ ਤੁਹਾਡੇ ਤੋਂ ਇਹੀ ਉਮੀਦ ਹੈ।’’

ਜੀਤੇ ਨੇ ਉਸ ਜ਼ਮੀਨ ਦਾ ਟੈਸਟ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੀ ਕਰਵਾਇਆ ਹੋਇਆ ਸੀ। ਜਿਹੜੇ ਤੱਤਾਂ ਦੀ ਕਮੀ ਸੀ। ਉਸ ਵਾਸਤੇ ਜਿੰਨੀ ਖਾਦ ਮਾਹਿਰਾਂ ਵੱਲੋਂ ਤਜਵੀਜ਼ ਕੀਤੀ ਗਈ ਸੀ, ਓਨੀ ਹੀ ਪਾਈ ਗਈ। ਉਸ ਨੇ ਜੀਵਨ ਵਿੱਚ ਕਦੀ ਲਾਲਚ ਨਹੀਂ ਕੀਤਾ। ਸਗੋਂ ਆਪਣੀ ਨੇਕ ਕਮਾਈ ਨਾਲ ਹਰ ਸਾਲ ਦਸਵੰਧ ਕੱਢ ਕੇ ਗਰੀਬ ਬੱਚਿਆਂ ਦੀ ਫੀਸ ਦਿੰਦਾ। ਉਸ ਦਾ ਕਹਿਣਾ ਕਿ ਪਿੰਡ ਦੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਹੀ ਪਿੰਡ ਤਰੱਕੀ ਕਰੇਗਾ।

ਦੂਜੇ ਬੰਨੇ ਉਸ ਦਾ ਭਰਾ ਮੀਤਾ ਸਿਰਫ਼ ਨਾਂ ਦਾ ਹੀ ਗੁਰਮੀਤ ਹੈ। ਨਾ ਗੁਰੂ ਨਾਲ ਪ੍ਰੀਤ ਤੇ ਨਾ ਉਹ ਲੋਕਾਂ ਦਾ ਮੀਤ। ਬਸ! ਉਸ ਨੂੰ ਤਾਂ ਸਿਰਫ਼ ਕਮਾਈ ਤੇ ਹੋਰ ਕਮਾਈ ਦੀ ਫਿਕਰ ਲੱਗੀ ਰਹਿੰਦੀ ਹੈ। ਜਿਸ ਵਾਸਤੇ ਉਹ ਕਦੀ ਕਿਸੇ ਦੀ ਪਰਵਾਹ ਨਹੀਂ ਕਰਦਾ ਸਗੋਂ ਮੁਨਾਫੇ ਖਾਤਰ ਹਰ ਪ੍ਰਕਾਰ ਦੇ ਹੱਥ ਕੰਡੇ ਵਰਤਦਾ। ਛੱਲੀਆਂ ਤਾਂ ਉਸ ਨੇ ਵੀ ਬੀਜੀਆਂ ਸਨ, ਪਰ ਉਸ ਨੇ ਕਿਸੇ ਮਾਹਿਰ ਦੀ ਸਲਾਹ ਨਹੀਂ ਲਈ ਸੀ ਸਗੋਂ ਆਪਣੀ ਮਰਜ਼ੀ ਨਾਲ ਜ਼ਿਆਦਾ ਫ਼ਸਲ ਲੈਣ ਲਈ ਮਣਾਂ ਮੂੰਹੀ ਖਾਦ ਅਤੇ ਦਵਾਈਆਂ ਪਾਈਆਂ ਸਨ।

ਜੀਤੇ ਨੇ ਖੁਦ ਸਾਰੇ ਪਰਿਵਾਰ ਨੂੰ ਨਾਲ ਲਗਾ ਕੇ ਹੱਥੀ ਗੁਡਾਈ ਕੀਤੀ, ਫਿਰ ਸਿੜਾਈ ਕੀਤੀ ਤਾਂ ਕਿ ਫ਼ਸਲ ਚੰਗੀ ਹੋਵੇ। ਉਸ ਦੀ ਮਿਹਨਤ ਨੂੰ ਬੂਰ ਪੈਣ ਲੱਗਿਆ ਤਾਂ ਬੱਚਿਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਰਵੀ ਆਪਣੇ ਸਾਥੀਆਂ ਨਾਲ ਖੇਤਾਂ ਵਿੱਚ ਜਾਂਦਾ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਆ ਜਾਂਦੀ। ਟਾਂਡਿਆਂ ਨੂੰ ਪੂਣਾ ਨਿੱਕਲ ਆਈਆਂ ਸਨ। ਜਦੋਂ ਪੂਣਾਂ ਵਿੱਚ ਨਿੱਕੀਆਂ ਨਿੱਕੀਆਂ ਗੁੱਲੀਆਂ ਬਣਨ ਲੱਗ ਪਈਆਂ ਅਤੇ ਦੋਧੇ ਦਾਣੇ ਵੀ ਨਿਕਲਣ ਲੱਗ ਪਏ ਤਾਂ ਇੱਕ ਦਿਨ ਰਵੀ ਨੇ ਕੱਚਾ ਦੋਧਾ ਤੋੜ ਕੇ ਖਾਧਾ ਤਾਂ ਉਹ ਦੁੱਧ ਵਾਂਗ ਸੁਆਦ ਅਤੇ ਮਿੱਠਾ ਸੀ।

ਰਵੀ ਨੇ ਕਿਹਾ, ‘‘ਹੁਣ ਪਤਾ ਲੱਗਾ ਕਿ ਡੈਡੀ ਜੀ ਇਸ ਨੂੰ ਦੋਧਾ ਕਿਉਂ ਕਹਿੰਦੇ ਨੇ। ਇਹ ਤਾਂ ਦੁੱਧ ਵਰਗਾ ਸੁਆਦ ਹੈ।’’

ਇੱਕ ਦਿਨ ਉਸ ਦੀ ਮੰਮੀ ਨੇ ਕਿਹਾ, ‘‘ਬੇਟੇ ਦੇਖ ਹੁਣ ਸਾਡੀਆਂ ਛੱਲੀਆਂ ਪੂਣਾਂ ਕੱਤ ਰਹੀਆਂ ਨੇ।’’

ਇਹ ਗੱਲ ਸੁਣ ਕੇ ਉਹ ਥੋੜ੍ਹਾ ਹੈਰਾਨ ਹੋ ਗਿਆ। ਜਦੋਂ ਉਹ ਅਗਲੇ ਦਿਨ ਖੇਤਾਂ ਵਿੱਚ ਗਿਆ ਤਾਂ ਉਸ ਨੇ ਦੇਖਿਆ ਛੱਲੀਆਂ ਦੇ ਸਿਰ ’ਤੇ ਕਾਲੇ ਲਾਲ ਤੇ ਹਰੇ ਰੰਗ ਦੇ ਵਾਲ ਲਟਕ ਰਹੇ ਸਨ। ਹੁਣ ਉਸ ਨੂੰ ਸਮਝ ਆ ਗਈ ਕਿ ਮੰਮੀ ਇਸ ਨੂੰ ਆਖਦੀ ਹੈ ਕਿ ਛੱਲੀਆਂ ਪੂਣਾਂ ਕੱਤ ਰਹੀਏ ਨੇ।

‘‘ਇਸ ਨੂੰ ਕਹਿੰਦੇ ਨੇ ਪੂਣਾਂ ਕੱਤਣਾ। ਇਹ ਤਾਂ ਬੁੱਢੀ ਮਾਈ ਦੇ ਕੂਲੇ ਕੂਲੇ ਵਾਲ ਹਨ। ਕਿੰਨੇ ਪਿਆਰੇ ਤੇ ਕਿੰਨੇ ਨਿਆਰੇ।’’ ਉਹ ਵਾਲਾਂ ਨੂੰ ਹੱਥ ਲਾ ਲਾ ਕੇ ਦੇਖਦਾ ਅਤੇ ਬੜੇ ਮਜ਼ੇ ਨਾਲ ਆਖਦਾ ‘‘ਵਾਹ ਜੀ ਵਾਹ! ਆਹ ਹੈ ਬੁੱਢੀ ਮਾਈ ਦੀਆਂ ਪੂਣਾਂ ਦਾ ਕਮਾਲ।’’

ਹੁਣ ਛੱਲੀਆਂ ਪੱਕਣੀਆਂ ਸ਼ੁਰੂ ਹੋ ਗਈਆਂ ਸਨ। ਇਹ ਕੱਚੀਆਂ ਛੱਲੀਆਂ ਤੋੜ ਕੇ ਭੁੰਨ ਕੇ ਚੱਬਣ ਵਾਸਤੇ ਮੰਡੀ ਭੇਜੀਆਂ ਜਾਣੀਆਂ ਸਨ। ਜੀਤੇ ਨੇ ਫਿਰ ਪਹਿਲਾਂ ਵਾਂਗ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਲੱਗ ਕੇ ਸਾਰਾ ਕੰਮ ਨਿਪਟਾ ਲਿਆ। ਉਸ ਕੋਲ ਮਸਾਂ ਇੱਕ ਟਰਾਲੀ ਹੀ ਹੋਈ ਜੋ ਉਸ ਨੇ ਨੇੜਲੀ ਮੰਡੀ ਸੁੱਟਣੀ ਸੀ। ਦੂਜੇ ਪਾਸੇ ਮੀਤੇ ਨੇ ਦੋ ਟਰੱਕ ਛੱਲੀਆਂ ਦੇ ਭਰਕੇ ਵੱਡੀ ਮੰਡੀ ਭੇਜ ਦਿੱਤੇ ਸਨ। ਜੀਤੇ ਦਾ ਪਰਿਵਾਰ ਇੱਕ ਟਰਾਲੀ ਨਾਲ ਵੀ ਪ੍ਰਸੰਨ ਹੋ ਕੇ ਆਪਣੇ ਕਾਰਜਾਂ ਵਿੱਚ ਰੁੱਝਿਆ ਹੋਇਆ ਸੀ।

ਮੀਤੇ ਦੇ ਘਰ ਉਸ ਦਾ ਪੁੱਤਰ ਗੁਰੀ ਪੇਟ ਦਰਦ ਨਾਲ ਤੜਫ਼ ਰਿਹਾ ਸੀ। ਅਜੇ ਕੁਝ ਸਮਾਂ ਪਹਿਲਾਂ ਤਾਂ ਉਹ ਬੜੀ ਖੁਸ਼ੀ ਨਾਲ ਛੱਲੀ ਚੱਬ ਰਿਹਾ ਸੀ। ਉਸ ਨੂੰ ਐਨੀ ਜਲਦੀ ਕੀ ਹੋ ਗਿਆ ਸੀ? ਸਭ ਹੈਰਾਨ ਸਨ। ਉਹ ਤਾਂ ਦਰਦ ਨਾਲ ਮੰਜੇ ’ਤੇ ਪਿਆ ਉੱਲਰ ਰਿਹਾ ਸੀ। ਉਹ ਉਸ ਦੀ ਮੰਮੀ ਤੋਂ ਸੰਭਾਲਿਆ ਨਹੀਂ ਸੀ ਜਾ ਰਿਹਾ। ਉਹ ਉਸ ਨੂੰ ਜਦੋਂ ਪਿੰਡ ਦੇ ਡਾਕਟਰ ਪਾਸ ਲੈ ਕੇ ਗਏ ਤਾਂ ਉਸ ਨੇ ਹਾਲਤ ਖਰਾਬ ਦੇਖਦੇ ਹੋਏ ਸ਼ਹਿਰ ਦੇ ਵੱਡੇ ਹਸਪਤਾਲ ਲੈ ਕੇ ਜਾਣ ਦੀ ਸਲਾਹ ਦੇ ਦਿੱਤੀ। ਮੀਤੇ ਨੇ ਇੱਕ ਪਲ ਨਾ ਲਾਇਆ। ਉਹ ਉਸ ਨੂੰ ਲੈ ਕੇ ਵੱਡੇ ਹਸਪਤਾਲ ਪੁੱਜ ਗਏ।

ਵੱਡੇ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਟੈਸਟ ਕੀਤੇ ਤਾਂ ਉਨ੍ਹਾਂ ਦੱਸਿਆ ਕਿ ਇਸ ਅੰਦਰ ਜ਼ਹਿਰ ਫੈਲ ਗਿਆ, ਜਿਸ ਕਾਰਨ ਦਰਦ ਹੋ ਰਿਹਾ ਹੈ। ਮੀਤੇ ਨੇ ਕਿਹਾ, ‘‘ਡਾਕਟਰ ਸਾਬ੍ਹ ਇਸ ਨੇ ਤਾਂ ਹੋਰ ਕੁਝ ਵੀ ਨਹੀਂ ਖਾਧਾ, ਸਿਰਫ਼ ਛੱਲੀ ਹੀ ਚੱਬੀ ਹੈ।’’

‘‘ਬਸ! ਗੁਰਮੀਤ ਜੀ, ਇਹ ਛੱਲੀ ਤੋਂ ਹੀ ਸਾਰਾ ਕੰਮ ਖਰਾਬ ਹੋਇਆ। ਤੁਸੀਂ ਜੋ ਅੰਨ੍ਹੇਵਾਹ ਦਵਾਈਆਂ ਅਤੇ ਖਾਦਾਂ ਪਾਈਆਂ ਸਨ। ਇਹ ਉਨ੍ਹਾਂ ਦਾ ਹੀ ਨਤੀਜਾ ਹੈ। ਹੁਣ ਤੁਸੀਂ ਦੇਖੋ ਜਿਹੜੇ ਟਰੱਕ ਭਰ ਭਰ ਕੇ ਮੰਡੀ ਭੇਜੇ ਨੇ ਉਹ ਕਿੰਨੇ ਲੋਕਾਂ ਦੀ ਅਜਿਹੀ ਹਾਲਤ ਕਰਨਗੇ।’’

ਮੀਤੇ ਅੱਗੇ ਡਰਾਉਣੇ ਦ੍ਰਿਸ਼ ਘੁੰਮਣ ਲੱਗ ਪਏ। ਜਦੋਂ ਇਸ ਗੱਲ ਦਾ ਜੀਤੇ ਨੂੰ ਪਤਾ ਲੱਗਿਆ ਤਾਂ ਰਵੀ ਨੇ ਕਿਹਾ, ‘‘ਡੈਡੀ ਜੀ ਅਸੀਂ ਤਾਂ ਸਾਰਿਆਂ ਨੇ ਛੱਲੀਆਂ ਚੱਬੀਆਂ ਸਨ। ਸਾਨੂੰ ਤਾਂ ਬੜੀਆਂ ਸਵਾਦ ਤੇ ਮਿੱਠੀਆਂ ਲੱਗੀਆਂ ਸਨ।’’

‘‘ਬਸ! ਬੇਟੇ ਇਹੀ ਤਾਂ ਫ਼ਰਕ ਹੈ। ਲਾਲਚ ਵਸ ਹੋ ਕੇ ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ। ਜਦੋਂ ਆਪਣੇ ਸਿਰ ਪੈਂਦੀ ਹੈ, ਫਿਰ ਰੱਬ ਨੂੰ ਯਾਦ ਕਰਦਾ ਹੈ। ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ।’’

‘‘ਡੈਡੀ ਜੀ ਮੈਨੂੰ ਹਸਪਤਾਲ ਲੈ ਕੇ ਚੱਲੋ। ਮੈਂ ਗੁਰੀ ਦੀ ਖ਼ਬਰ ਲੈ ਕੇ ਆਉਣੀ ਹੈ। ਨਾਲੇ ਮੈਂ ਚਾਚੇ ਨੂੰ ਕਹਾਂਗਾ, ਸਿਰਫ਼ ਮਿੱਠੀਆਂ ਛੱਲੀਆਂ ਹੀ ਬੀਜਿਆ ਕਰਨ।’’