ਓਟਵਾ (ਕੈਨੇਡਾ), 13 ਜੂਨ

ਭਾਰਤੀ ਪੈਰਾ ਬੈਡਮਿੰਟਨ ਖਿਡਾਰੀਆਂ ਨੇ ਇੱਥੇ ਕੈਨੇਡਾ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ 9 ਤਗ਼ਮੇ ਜਿੱਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੇ ਰਾਊਂਡ ਰੌਬਿਨ ਗੇੜ ਵਿੱਚ ਆਪਣੇ ਸਾਰੇ ਮੈਚ ਜਿੱਤੇ। ਉਸ ਨੇ ਪਾਰੁਲ ਪਰਮਾਰ, ਫਰਾਂਸ ਦੀ ਕੋਰਾਲਿਨ ਬੈਰਗੇਰੋਨ, ਜਾਪਾਨ ਦੀ ਨੋਰਿਕੋ ਇਤੋ ਅਤੇ ਯੂਕਰੇਨ ਦੀ ਓਕਸਾਨਾ ਕੋਜਿਨਾ ਨੂੰ ਮਾਤ ਦਿੱਤੀ। ਫਾਈਨਲ ਵਿੱਚ ਪਛੜਨ ਮਗਰੋਂ ਵਾਪਸੀ ਕਰਦਿਆਂ ਮਾਨਸੀ ਨੇ ਯੂਕਰੇਨ ਦੀ ਓਕਸਾਨਾ ਕੋਜਿਨਾ ਨੂੰ 21-18, 15-21, 22-20 ਨਾਲ ਹਰਾਇਆ। ਇਸ ਸੈਸ਼ਨ ’ਚ ਮਾਨਸੀ ਦੀ ਇਹ ਚੌਥੀ ਖ਼ਿਤਾਬੀ ਜਿੱਤ ਹੈ। ਉਸ ਨੇ ਰੁਥਿਕ ਰਘੂਪਤੀ ਨਾਲ ਮਿਕਸਡ ਡਬਲਜ਼ ਐੱਸਐੱਲ-3, ਐੱਸਐੱਲ-5 ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ। ਮਨੀਸ਼ਾ ਰਾਮਦਾਸ ਨੇ ਐੱਸਯੂ-5 ਵਰਗ ’ਚ ਸੋਨ ਤਗ਼ਮਾ ਹਾਸਲ ਕੀਤਾ। ਉਸ ਨੇ ਫਾਈਨਲ ਵਿੱਚ ਜਾਪਾਨ ਦੀ ਅਕਿਕੋ ਸੁਗਿਨੋ ਨੂੰ 27-25, 21-9 ਨਾਲ ਹਰਾਇਆ। ਪੈਰਾਲੰਪਿਕ ਸੋਨ ਤਗ਼ਮਾ ਜੇਤੂ ਪ੍ਰਮੋਦ ਭਗਤ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੂੰ ਫਾਈਨਲ ਵਿੱਚ ਡੈਨੀਅਲ ਬੈਥੈੱਲ ਨੇ 21-14, 9-21, 21-15 ਨਾਲ ਹਰਾਇਆ। ਟੋਕੀਓ ਪੈਰਾਲੰਪਿਕ 2020 ਤੋਂ ਬਾਅਦ ਭਗਤ ਦੀ ਬੈਥੈੱਲ ਹੱਥੋਂ ਇਹ ਦੂਜੀ ਹਾਰ ਹੈ।