ਮਾਨਸਾ, 17 ਫਰਵਰੀ ‌

ਇਥੋਂ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਬੁਲੇਟ ਮੋਟਰਸਾਈਕਲ ਸਵਾਰ ਦੋ ਜਾਣਿਆ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਾਨਸਾ ਦੇ ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਰਾਤ 10 ਵਜੇ ਕੋਟਲੀ ਕਲਾਂ ਦੇ ਜਸਪ੍ਰੀਤ ਸਿੰਘ ਆਪਣੇ ਪੁੱਤਰ ਹਰਉਦੈਵੀਰ ਸਿੰਘ (6) ਅਤੇ ਬੇਟੀ ਨਵਸੀਰਤ ਕੌਰ ਨਾਲ ਗਲ਼ੀ ’ਚੋਂ ਲੰਘਕੇ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਹੀ ਦੋ ਜਣੇ ਬੁਲੇਟ ਮੋਟਰਸਾਈਕਲ ਉਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਦੌਰਾਨ ਬੱਚੇ ਹਰਉਦੈਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ,‌ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ‌ਮਿ੍ਤਕ ਐਲਾਨ ਦਿੱਤਾ। ਗੋਲੀਆਂ ਨਾਲ ਬੇਟੀ ਨਵਸੀਰਤ ਕੌਰ ਵੀ ਜ਼ਖ਼ਮੀ ਹੋਈ ਹੈ ਪਰ ਉਸ ਦੀ ਹਾਲਤ ਫਿਲਹਾਲ ਬਿਲਕੁਲ ਠੀਕ ਦੱਸੀ ਜਾਂਦੀ ਹੈ। ਪੁਲੀਸ ਅਨੁਸਾਰ ਜਾਪਦਾ ਹੈ ਕਿ ਗੋਲੀਆਂ ਜਸਪ੍ਰੀਤ ਸਿੰਘ ਉਤੇ ਚਲਾਈਆਂ ਹੋ ਸਕਦੀਆਂ ਹਨ ਪਰ ਉਸ ਦਾ ਸ਼ਿਕਾਰ ਛੇ ਸਾਲਾਂ ਮਾਸੂਮ ਹੋ ਗਿਆ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇਲਾਕੇ ਵਿੱਚ ਨਾਕੇਬੰਦੀ ਤੇਜ਼ ਕਰ ਦਿੱਤੀ ਹੈ।