ਮੁੰਬਈ:ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ-14 ਦੀ ਜੇਤੂ ਅਦਾਕਾਰਾ ਰੂਬੀਨਾ ਦਿਲੈਕ ਨੇ ਆਖਿਆ ਕਿ ਉਹ ਬਾਲੀਵੁੱਡ ਦੀ ‘ਡਾਂਸ ਕੁਈਨ’ ਮਾਧੁਰੀ ਦੀਕਸ਼ਿਤ ਸਾਹਮਣੇ ਨ੍ਰਿਤ ਦੀ ਪੇਸ਼ਕਾਰੀ ਦੇਣ ਲਈ ਕਾਫ਼ੀ ਖੁਸ਼ ਹੈ ਪਰ ਉਸ ਨੂੰ ਘਬਰਾਹਟ ਵੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ-10’ ਦੇ ਮੁਕਾਬਲੇਬਾਜ਼ਾਂ ਵਿੱਚ ਰੂਬੀਨਾ ਦਾ ਨਾਂ ਵੀ ਸ਼ਾਮਲ ਹੈ। ਇਹ ਸ਼ੋਅ ਪੰਜ ਸਾਲਾਂ ਬਾਅਦ ਵਾਪਸੀ ਕਰ ਰਿਹਾ ਹੈ ਤੇ ਕਰਨ ਜੌਹਰ, ਮਾਧੁਰੀ ਦੀਕਸ਼ਿਤ, ਨੋਰਾ ਫਤੇਹੀ ਇਸ ਸ਼ੋਅ ਦੇ ਜੱਜ ਹੋਣਗੇ। ਰੂਬੀਨਾ ਨੇ ਆਖਿਆ, ‘ਬਿੱਗ ਬੌਸ’ ਅਤੇ ‘ਖਤਰੋਂ ਕੇ ਖਿਲਾੜੀ’ ਕਰਨ ਮਗਰੋਂ ਨ੍ਰਿਤ ’ਚ ਹੱਥ ਅਜ਼ਮਾਉਣਾ ਮੇਰਾ ਅਗਲਾ ਟੀਚਾ ਸੀ ਅਤੇ ਇਸ ਕੰਮ ਲਈ ‘ਝਲਕ ਦਿਖਲਾ ਜਾ’ ਤੋਂ ਵਧੀਆ ਹੋਰ ਕੋਈ ਪਲੈਟਫਾਰਮ ਨਹੀਂ ਹੋ ਸਕਦਾ। ਅਦਾਕਾਰਾ ਵਜੋਂ ਮੈਂ ਪਰਦੇ ’ਤੇ ਪਹਿਲਾਂ ਨ੍ਰਿਤ ਕਰ ਚੁੱਕੀ ਹਾਂ ਪਰ ਇੰਨੇ ਵੱਡੇ ਜੱਜਾਂ ਦੇ ਪੈਨਲ ਸਾਹਮਣੇ, ਖਾਸ ਕਰਕੇ ਮਾਧੁਰੀ ਦੀਕਸ਼ਿਤ ਸਾਹਮਣੇ ਪੇਸ਼ਕਾਰੀ ਦੇਣਾ ਮੇਰੇ ਲਈ ਨਵੀਂ ਚੁਣੌਤੀ ਹੋਵੇਗੀ ਪਰ ਮੈਂ ਇਸ ਚੁਣੌਤੀ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਦੀ ਹਾਂ। ਮੈਂ ਨ੍ਰਿਤ ’ਚ ਹੋਰ ਮੁਹਾਰਤ ਹਾਸਲ ਕਰਨ ਅਤੇ ਆਪਣਾ ਨ੍ਰਿਤ ਹੁਨਰ ਨਿਖਾਰਨ ’ਤੇ ਧਿਆਨ ਕੇਂਦਰ ਕਰ ਰਹੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਮੈਂ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਦੀ ਰਹਾਂਗੀ।’ ਜ਼ਿਕਰਯੋਗ ਹੈ ਕਿ ਇਸ ਸ਼ੋਅ ਦੇ ਬਾਕੀ ਮੁਕਾਬਲੇਬਾਜ਼ਾਂ ਵਿੱਚ ਧੀਰਜ ਧੂਪਰ, ਪਾਰਸ ਕਲਨਾਵਤ, ‘ਬਿੱਗ ਬੌਸ ਸੀਜ਼ਨ-11’ ਦੀ ਜੇਤੂ ਸ਼ਿਲਪਾ ਸ਼ਿੰਦੇ, ਨੀਆ ਸ਼ਰਮਾ, ‘ਨੱਚ ਬੱਲੀਏ-7’ ਦੀ ਜੇਤੂ ਅਮਰੁਤਾ ਖਾਨਵਿਲਕਰ ਅਤੇ ਨੀਤੀ ਟੇਲਰ ਦਾ ਨਾਂ ਵੀ ਸ਼ਾਮਲ ਹੈ। ਇਹ ਸ਼ੋਅ ਛੇਤੀ ਹੀ ਕਲਰਜ਼ ਟੀਵੀ ’ਤੇ ਦਿਖਾਇਆ ਜਾਵੇਗਾ।