ਮੁੰਬਈ, 10 ਮਾਰਚ

ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਾਖ਼ਲ ਮਾਣਹਾਨੀ ਕੇਸ ’ਚ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਸੈਸ਼ਨ ਕੋਰਟ ਨੇ ਕੇਸ ਨੂੰ ਅੰਧੇਰੀ ਸਥਿਤ ਮੈਜਿਸਟਰੇਟ ਕੋਰਟ ਤੋਂ ਤਬਦੀਲ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕੰਗਨਾ ਵੱਲੋਂ ਅਖ਼ਤਰ ਖ਼ਿਲਾਫ਼ ਦਿੱਤੀ ਜਵਾਬੀ ਸ਼ਿਕਾਇਤ ਨੂੰ ਵੀ ਅੰਧੇਰੀ ਕੋਰਟ ਤੋਂ ਕਿਤੇ ਹੋਰ ਤਬਦੀਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਕੰਗਨਾ ਨੇ ਆਪਣੀ ਅਰਜ਼ੀ ’ਚ ਦਾਅਵਾ ਕੀਤਾ ਸੀ ਕਿ ਮੈਟਰੋਪਾਲਿਟਨ ਮੈਜਿਸਟਰੇਟ ਕੋਰਟ ਨੇ ਉਸ ਨੂੰ ਪੇਸ਼ੀ ਤੋਂ ਪੱਕੇ ਤੌਰ ’ਤੇ ਛੋਟ ਨਾ ਦੇਣ ਅਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਧਮਕੀ ਦੇ ਕੇ ਪੱਖਪਾਤ ਕੀਤਾ ਹੈ। ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਨੇ ਵੀ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ ਜਿਸ ਮਗਰੋਂ ਉਸ ਨੇ ਸੈਸ਼ਨ ਕੋਰਟ ਦਾ ਰੁਖ ਕੀਤਾ ਸੀ।