ਮੁੰਬਈ:ਕੌਮਾਂਤਰੀ ਮਾਂ ਦਿਵਸ ਮੌਕੇ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਾਂ ਹੋਣ ਦਾ ਅਹਿਸਾਸ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਮਾਂ ਬਣਨ ਮਗਰੋਂ ਉਸ ਵਿੱਚ ਇੱਕ ਯੋਧਾ ਤੇ ਇੱਕ ਸ਼ਾਂਤੀ ਦੂਤ ਦੋਵਾਂ ਦੇ ਗੁਣ ਪੈਦਾ ਹੋਏ। ਸੁਸ਼ਮਿਤਾ ਲਈ ਮਾਂ ਹੋਣਾ ਤਾਕਤਵਰ ਤੇ ਸੁੰਦਰ ਹੋਣਾ, ਦੋਵੇਂ ਹੀ ਹੈ। ਅਦਾਕਾਰਾ ਨੇ ਕਿਹਾ, ‘ਮਾਂ ਇਕੋ ਵੇਲੇ ਜੰਗ ਦੇ ਮੈਦਾਨ ’ਚ ਉੱਤਰੀ ਯੋਧਾ ਵੀ ਹੋ ਸਕਦੀ ਹੈ ਤੇ ਨਾਲ ਹੀ ਹਰ ਗੱਲ ਨੂੰ ਅਮਨ ਨਾਲ ਨੇਪਰੇ ਚਾੜ੍ਹਨ ਵਾਲੀ ਸ਼ਾਂਤੀ ਦੂਤ ਵੀ। ਵੈੱਬਸੀਰੀਜ਼ ‘ਆਰਿਆ’ ਦੇ ਦੋਵੇਂ ਸੀਜ਼ਨਾਂ ਸਣੇ ਆਪਣੀ ਅਸਲ ਜ਼ਿੰਦਗੀ ਵਿੱਚ ਮੈਂ ਖ਼ੁਦ ਨੂੰ ਇੱਕ ਔਰਤ ਵਜੋਂ ਤੇ ਇੱਕ ਮਾਂ ਵਜੋਂ ਚੁਣੌਤੀਆਂ ’ਚ ਪਾਉਂਦੀ ਆਈ ਹਾਂ। ਮੈਂ ਇਕੱਲਿਆਂ ਦੋ ਧੀਆਂ ਵੀ ਪਾਲੀਆਂ ਹਨ ਤੇ ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਰਹੀ ਹਾਂ।’ ਪਿਛਲੀ ਵਾਰ ‘ਆਰਿਆ’ ਦੇ ਦੂਜੇ ਸੀਜ਼ਨ ਵਿੱਚ ਦਿਖਾਈ ਦਿੱਤੀ ਅਦਾਕਾਰਾ ਹੁਣ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਦਾ ਹਿੱਸਾ ਬਣੇਗੀ। ਸੁਸ਼ਮਿਤਾ ਨੇ ਕਿਹਾ, ਮੈਨੂੰ ਪਤਾ ਹੈ ਕੇ ਮੈਂ ਆਪਣੇ ਬੱਚਿਆਂ ਲਈ ਅਖੀਰ ਤੱਕ ਲੜਾਂਗੀ ਤੇ ਕਦੇ ਵੀ ਉਨ੍ਹਾਂ ਦੇ ਜੀਵਨ ਵਿੱਚ ਕੁਝ ਖ਼ਤਮ ਨਹੀਂ ਹੋਣ ਦਿਆਂਗੀ। ਇਸ ਦੇ ਨਾਲ ਹੀ ਮੈਂ ਭਾਰਤੀ ਸਿਨੇਮਾ ਦੀਆਂ ਰੂੜ੍ਹੀਆਂ ਨੂੰ ਤੋੜਨ ਵਾਲੀਆਂ ਕੁਝ ਦਮਦਾਰ ਕਹਾਣੀਆਂ ਵਿੱਚ ਵੀ ਕੰਮ ਕਰਨਾ ਚਾਹੁੰਦੀ ਹਾਂ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇ ਸਕਣ।’