ਮੈਲਬਰਨ:ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਹਰਫ਼ਨਮੌਲਾ ਪ੍ਰਦਰਸ਼ਨ ਨਾਲ ਮੈਲਬਰਨ ਰੈਨੇਗੇਡਜ਼ ਨੇ ਅੱਜ ਮਹਿਲਾ ਬਿਗ ਬੈਸ਼ ਲੀਗ (ਡਬਲਯੂਬੀਬੀਐੱਲ) ਵਿੱਚ ਸਿਡਨੀ ਸਿਕਸਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਹਰਮਨਪ੍ਰੀਤ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਨਾਬਾਦ 35 ਦੌੜਾਂ ਦੀ ਪਾਰੀ ਵੀ ਖੇਡੀ। ਇਸ ਤਰ੍ਹਾਂ ਉਸ ਦੀ ਟੀਮ ਨੇ ਜਿੱਤ ਲਈ ਮਿਲੇ 119 ਦੌੜਾਂ ਦੇ ਟੀਚੇ ਨੂੰ 17 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਹਰਮਨਪ੍ਰੀਤ ਕੌਰ ‘ਪਲੇਅਰ ਆਫ ਦਿ ਮੈਚ’ ਰਹੀ। ਸਿਡਨੀ ਦੀ ਟੀਮ ਵੱਲੋਂ ਖੇਡ ਰਹੀ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਖਾਤਾ ਵੀ ਨਹੀਂ ਖੋਲ੍ਹ ਸਕੀ। ਸਿਡਨੀ ਸਿਕਸਰਜ਼ ਖੇਡ ਰਹੀ ਇੱਕ ਹੋਰ ਭਾਰਤੀ ਕ੍ਰਿਕਟਰ ਰਾਧਾ ਯਾਦਵ ਨੇ ਦੋ ਓਵਰਾਂ ਵਿੱਚ 12 ਦੌੜਾਂ ਦੇ ਕੇ ਇੱਕ ਵਿਕਟ ਲਈ। ਇੱਕ ਹੋਰ ਮੈਚ ਵਿੱਚ ਪੂਨਮ ਯਾਦਵ ਨੇ ਦੋ ਓਵਰਾਂ ਵਿੱਚ 19 ਦੌੜਾਂ ਦਿੱਤੀਆਂ, ਪਰ ਉਸ ਦੀ ਟੀਮ ਬ੍ਰਿਸਬਨ ਹੀਟ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਐਡੀਲੇਡ ਸਟ੍ਰਾਈਕਰਜ਼ ਨੂੰ ਪੰਜ ਵਿਕਟਾਂ ਨਾਲ ਹਰਾਉਣ ਵਿੱਚ ਸਫਲ ਰਹੀ।