ਮਾਂਟਰੀਅਲ, 19 ਸਤੰਬਰ : ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਹਮਰੁਤਬਾ ਬ੍ਰਿਟਿਸ਼ ਅਧਿਕਾਰੀ ਤੇ ਦੁਨੀਆਂ ਦੇ ਹੋਰ ਆਗੂਆਂ ਨਾਲ ਲੰਡਨ ਵਿੱਚ ਮੁਲਾਕਾਤ ਕੀਤੀ। ਮਹਾਰਾਣੀ ਐਲਿਜ਼ਾਬੈੱਥ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਗਮਜ਼ਦਾ ਮਾਹੌਲ ਵਿੱਚ ਚੱਲ ਰਹੀਆਂ ਤਿਆਰੀਆਂ ਦੇ ਨਾਲ ਨਾਲ ਵਿਸ਼ਵ ਆਗੂਆਂ ਨੇ ਅਰਥਚਾਰੇ ਤੇ ਯੂਕਰੇਨ ਵਿੱਚ ਜਾਰੀ ਜੰਗ ਬਾਰੇ ਚਰਚਾ ਵੀ ਕੀਤੀ।
ਐਤਵਾਰ ਦੁਪਹਿਰ ਨੂੰ ਟਰੂਡੋ ਨੇ ਲਿਜ਼ ਟਰੱਸ ਨਾਲ 10 ਡਾਊਨਿੰਗ ਸਟਰੀਟ ਉੱਤੇ 40 ਮਿੰਟ ਗੱਲਬਾਤ ਵੀ ਕੀਤੀ। ਬ੍ਰਿਟੇਨ ਦੀ ਰਾਜਗੱਦੀ ਉੱਤੇ ਸੱਭ ਤੋਂ ਲੰਮਾਂ ਸਮਾਂ ਬੈਠਣ ਵਾਲੀ ਮਹਾਰਾਣੀ ਦੀ ਮੌਤ ਦਾ ਅਫਸੋਸ ਕਰਨ ਲਈ ਦੁਨੀਆਂ ਭਰ ਦੇ ਆਗੂ ਇਸ ਸਮੇਂ ਲੰਡਨ ਵਿੱਚ ਹਨ। ਹਾਲਾਂਕਿ ਇਸ ਦੌਰੇ ਦਾ ਅਸਲ ਮਕਸਦ ਸੋਮਵਾਰ ਨੂੰ ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਹਿੱਸਾ ਲੈਣਾ ਹੈ ਪਰ ਟਰੂਡੋ ਨੇ ਟਰੱਸ ਤੇ ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਸ ਸਮੇਤ ਆਪਣੇ ਸਾਥੀ ਆਗੂਆਂ ਨਾਲ ਮੁਲਾਕਾਤ ਲਈ ਵੀ ਸਮਾਂ ਕੱਢ ਲਿਆ।
ਦੁਪਹਿਰ ਨੂੰ ਕੀਤੀ ਗਈ ਨਿਊਜ਼ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਟਰੱਸ ਨਾਲ ਸੱਭ ਤੋਂ ਪਹਿਲਾਂ ਉਨ੍ਹਾਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਉੱਤੇ ਦੁੱਖ ਸਾਂਝਾ ਕੀਤਾ ਤੇ ਫਿਰ ਉਨ੍ਹਾਂ ਯੂਕਰੇਨ ਵਿੱਚ ਚੱਲ ਰਹੀ ਜੰਗ ਦਾ ਮੁੱਦਾ ਵੀ ਉਨ੍ਹਾਂ ਨਾਲ ਸਾਂਝਾ ਕੀਤਾ।ਉਨ੍ਹਾਂ ਆਖਿਆ ਕਿ ਕੈਨੇਡਾ-ਯੂਕੇ ਟਰੇਡ ਡੀਲ ਸਬੰਧੀ ਗੱਲਬਾਤ ਵੀ ਸਹੀ ਢੰਗ ਨਾਲ ਚੱਲ ਰਹੀ ਹੈ।ਉਨ੍ਹਾਂ ਆਖਿਆ ਕਿ ਯੂਕਰੇਨ ਦੀ ਮਦਦ ਤੇ ਰੂਸ ਦੀ ਗੈਰਕਾਨੂੰਨੀ ਕਾਰਵਾਈ ਖਿਲਾਫ ਡਟ ਕੇ ਖੜ੍ਹੇ ਰਹਿਣ ਵਾਲੇ ਦੋ ਦਮਦਾਰ ਮੁਲਕਾਂ ਵਿੱਚ ਯੂਕੇ ਤੇ ਕੈਨੇਡਾ ਸ਼ਾਮਲ ਹਨ ਤੇ ਅਸੀਂ ਹੀ ਉੱਥੇ ਜਾਰੀ ਵਾਰ ਕ੍ਰਾਈਮਜ਼ ਖਿਲਾਫ ਵੀ ਆਵਾਜ਼ ਉਠਾ ਰਹੇ ਹਾਂ।
ਰੂਸ ਦੀਆਂ ਫੌਜਾਂ ਵੱਲੋਂ ਪਹਿਲਾਂ ਕਬਜਾ ਕੀਤੇ ਗਏ ਉੱਤਰ ਪੂਰਬੀ ਸ਼ਹਿਰ, ਜਿਸ ਉੱਤੇ ਯੂਕਰੇਨ ਨੇ ਮੁੜ ਕਬਜਾ ਕਰ ਲਿਆ ਹੈ, ਵਿੱਚ ਮਿਲੀ ਸਾਂਝੀ ਕਬਰ ਦਾ ਹਵਾਲਾ ਦਿੰਦਿਆਂ ਟਰੂਡੋ ਨੇ ਆਖਿਆ ਕਿ ਇਸ ਲਈ ਰੂਸ ਤੇ ਇਸ ਦੇ ਰਾਸ਼ਟਰਪਤੀ ਨੂੰ ਜਿ਼ੰਮੇਵਾਰ ਤੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।