ਲੰਡਨ, 20 ਸਤੰਬਰ

ਮਹਾਰਾਣੀ ਐਲਿਜ਼ਾਬੈੱਥ ਦੋਇਮ ਨੂੰ ਅੱਜ ਇਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਵੈਸਟਮਿਨਸਟਰ ਐਬੇ ਵਿੱਚ ਨਿਭਾਈਆਂ ਅੰਤਿਮ ਰਸਮਾਂ ਮਗਰੋਂ ਕਿੰਗ ਜੌਰਜ 6 ਮੈਮੋਰੀਅਲ ਚੈਪਲ ਵਿੱਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ। ਮਹਾਰਾਣੀ ਨੂੰ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਤਾਬੂਤ ਨੇੇੇੜੇ ਹੀ ਦਫ਼ਨਾਇਆ ਗਿਆ। ਡਿਊਕ ਆਫ਼ ਐਡਿਨਬਰਗ ਪ੍ਰਿੰਸ ਫਿਲਿਪ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਇਡਨ ਸਣੇ ਪੰਜ ਸੌ ਦੇ ਕਰੀਬ ਆਲਮੀ ਆਗੂਆਂ ਅਤੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ’ਚ ਵਸੇ ਸ਼ਾਹੀ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮਹਾਰਾਣੀ ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ’ਚ ਬਾਲਮੋਰਲ ਕੈਸਲ ਵਿਚਲੀ ਰਿਹਾਇਸ਼ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ 70 ਸਾਲ ਬਰਤਾਨੀਆ ਦੇ ਤਖ਼ਤ ’ਤੇ ਰਾਜ ਕੀਤਾ। ਇਸ ਦੌਰਾਨ ਮਰਹੂਮ ਮਹਾਰਾਣੀ ਦੇ ਸਤਿਕਾਰ ਵਜੋਂ ਪੂਰੇ ਯੂਕ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਵੈਸਟਮਿਨਸਟਰ ਹਾਲ ਵਿੱਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੇ ਮਹਾਰਾਣੀ ਦੀ ਦੇਹ ਵਾਲੇ ਤਾਬੂਤ ਨੂੰ ਮੁਕਾਮੀ ਸਮੇਂ ਮੁਤਾਬਕ ਸਵੇਰੇ 11 ਵਜੇ ਵੈਸਟਮਿਨਸਟਰ ਐਬੇ ਲਿਜਾਇਆ ਗਿਆ। ਯੂਕੇ ਦੀ ਸੰਸਦ ਵਿਚਲੇ ਵੈਸਟਮਿਨਸਟਰ ਹਾਲ ਵਿੱਚ ਮਹਾਰਾਣੀ ਦੀ ਦੇਹ ਨੂੰ ਪੰਜ ਦਿਨ ਰੱਖਿਆ ਗਿਆ ਸੀ। ਰੌਇਲ ਏਅਰ ਫੋਰਸ ਦੀ ਸਿਵਲ ਮੈਂਬਰ ਕ੍ਰਿਸਟੀਨਾ ਹੀਰੇ ਮਹਾਰਾਣੀ ਦੇ ਤਾਬੂਤ ਦੀ ਦਰਸ਼ਨ ਕਰਨ ਵਾਲੀ ਆਖਰੀ ਮੈਂਬਰ ਸੀ। ਵੈਸਟਮਿਨਸਟਰ ਐਬੇ ਤੋਂ ਮਹਾਰਾਣੀ ਦੇ ਤਾਬੂਤ ਨੂੰ ਵਿੰਡਸਰ ਕੈਸਲ ਲਿਆਂਦਾ ਗਿਆ। ਐਬੇ ’ਚ ਰੱਖੀਆਂ ਅੰਤਿਮ ਰਸਮਾਂ ਵਿੱਚ 2000 ਦੇ ਕਰੀਬ ਲੋਕ ਜੁੜੇ। ਅੰਤਿਮ ਰਸਮਾਂ ਦਾ ਸਵਾ ਸੌ ਦੇ ਕਰੀਬ ਸਿਨੇਮਾਘਰਾਂ ਤੇ ਯੂਕੇ ਦੇ ਕਈ ਵੱਡੇ ਗਿਰਜਾਘਰਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਐਡਿਨਬਰਗ ਵਿਚ ਹੋਲੀਰੁੱਡਹਾਊਸ ਦੇ ਪੈਲੇਸ ਦੇ ਸਾਹਮਣੇ ਹੋਲੀਰੁੱਡ ਪਾਰਕ ਵਿੱਚ ਵੱਡੀ ਸਕਰੀਨ ’ਤੇ ਵੀ ਲੋਕਾਂ ਨੇ ਅੰਤਿਮ ਰਸਮਾਂ ਵੇਖੀਆਂ। ਕਾਬਿਲੇਗੌਰ ਹੈ ਕਿ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੇ ਮਹਾਰਾਣੀ ਐਲਿਜ਼ਾਬੈੱਥ ਦੀਆਂ ਅੰਤਿਮ ਰਸਮਾਂ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਆਖਰੀ ਤਸਵੀਰ ਰਿਲੀਜ਼ ਕਰ ਦਿੱਤੀ ਸੀ। ਐਤਵਾਰ ਨੂੰ ਜਾਰੀ ਤਸਵੀਰ ਵਿੱਚ ਮਰਹੂਮ ਮਹਾਰਾਣੀ ਨੂੰ ਮੁਸਕਰਾਉਂਦਿਆਂ ਵੇਖਿਆ ਜਾ ਸਕਦਾ ਹੈ।ਅੰਤਿਮ ਰਸਮਾਂ ਮੌਕੇ ਬਰਤਾਨਵੀ ਪ੍ਰਧਾਨ ਮੰਤਰੀ ਲਿਜ਼ ਟਰੱਸ ਤੇ ਰਾਸ਼ਟਰਮੰਡਲ ਸਕੱਤਰ ਜਨਰਲ ਬਾਰੋਨੈੱਸ ਪੈਟਰੀਸ਼ੀਆ ਸਕੌਟਲੈਂਡ ਨੇ ਬਾਈਬਲ ’ਚੋਂ ਕੁਝ ਸਤਰਾਂ ਪੜ੍ਹੀਆਂ। ਆਰਕਬਿਸ਼ਪ ਆਫ਼ ਯਾਰਕ, ਵੈਸਟਮਿਨਸਟਰ ਦੇ ਕਾਰਡੀਨਲ ਆਰਕਬਿਸ਼ਪ, ਸਕਾਟਲੈਂਡ ਚਰਚ ਦੀ ਜਨਰਲ ਅਸੈਂਬਲੀ ਦੇ ਮੋਡਰੇਟਰ ਤੇ ਫ਼੍ਰੀ ਚਰਚ ਮੋਡਰੇਟਰਾਂ ਨੇ ਅੰਤਿਮ ਰਸਮਾਂ ਮੌਕੇ ਪ੍ਰਾਰਥਨਾ ਕੀਤੀ ਤੇ ਧਰਮ ਉਪਦੇਸ਼ ਦਿੱਤਾ। ਯੂਕੇ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਐਬੇ ਮੈਦਾਨ ਵਿੱਚ ਚਰਚ ਹਾਊਸ ਵਿੱਚ ਆਲਮੀ ਆਗੂਆਂ ਦੀ ਮੇਜ਼ਬਾਨੀ ਕੀਤੀ। ਉਂਜ ਮਹਾਰਾਣੀ ਦੀਆਂ ਅੰਤਿਮ ਰਸਮਾਂ ਮੌਕੇ ਹਾਈਡ ਪਾਰਕ ਵਿੱਚ ਕਿੰਗਜ਼ ਟਰੂਪ, ਰੌਇਲ ਹੋਰਸ ਆਰਟਿਲਰੀ ਵਿੱਚ ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਇਸ ਦੌਰਾਨ ਬਿੱਗ ਬੈੱਨ ਦਾ ਘੰਟਾ ਲਗਾਤਾਰ ਵੱਜਦਾ ਰਿਹਾ। ਮਹਾਰਾਣੀ ਦੇ ਤਾਬੂਤ ਨੂੰ ਵਿੰਡਸਰ ਕੈਸਲ ਲਿਜਾਇਆ ਗਿਆ, ਜਿੱਥੇ ਸੇਂਟ ਜੌਰਜ’ਸ ਚੈਪਲ ਵਿਚ ਰੱਖੀ ਰਸਮ ’ਚ ਸ਼ਾਹੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਏ। ਮੁਕਾਮੀ ਸਮੇਂ ਮੁਤਾਬਕ ਸੋਮਵਾਰ ਸ਼ਾਮ ਨੂੰ ਕਿੰਗ ਜੌਰਜ 6 ਮੈਮੋਰੀਅਲ ਚੈਪਲ ਵਿੱਚ ਮਹਰਾਣੀ ਦੇ ਤਾਬੂੂਤ ਨੂੰ ਉਨ੍ਹਾਂ ਦੇ ਮਰਹੂਮ ਪਤੀ ਤੇ ਡਿਊਕ ਆਫ਼ ਐਡਿਨਬਰਗ ਪ੍ਰਿੰਸ ਫਿਲਿਪ ਨੇੜੇ ਦਫ਼ਨਾ ਦਿੱਤਾ ਗਿਆ।