ਲੰਡਨ, 8 ਅਕਤੂਬਰ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਨੇ ਰਾਸ਼ਟਰਮੰਡਲ ਖੇਡਾਂ 2022 ਬੈਟਨ ਰਿਲੇਅ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਮਹਾਰਾਣੀ ਨੇ ਇਸ ਮੌਕੇ 1947 ਵਿਚ ਹੈਦਰਾਬਾਦ ਦੇ ਨਿਜ਼ਾਮ ਵੱਲੋਂ ਉਨ੍ਹਾਂ ਦੇ ਵਿਆਹ ਮੌਕੇ ਤੋਹਫੇ ਵਜੋਂ ਦਿੱਤੇ ਗਏ ਹੀਰੇ ਦਾ ਬਰੋਚ ਪਹਿਨਿਆ ਹੋਇਆ ਸੀ। ਇਸ ਰਵਾਇਤੀ ਸਮਾਰੋਹ ਵਿਚ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਪ੍ਰਿੰਸ ਐਡਵਰਡ ਵੀ ਮੌਜੂਦ ਸਨ। ਮਹਾਰਾਣੀ ਐਲਿਜ਼ਾਬੈੱਥ ਦੇ ਵਿਆਹ ਵਿਚ ਹੈਦਰਾਬਾਦ ਦੇ ਨਿਜ਼ਾਮ ਆਸਫ਼ ਜਾਹ (ਸੱਤਵੇਂ) ਨੇ ਇਹ ਤੋਹਫਾ ਦਿੱਤਾ ਸੀ। ਉਹ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ’ਚੋਂ ਇਕ ਸਨ। ਰਾਸ਼ਟਰਮੰਡਲ ਸਮਾਰੋਹ ਲਈ ਮਹਾਰਾਣੀ ਦੀ ਚੋਣ ਨੂੰ ਉਨ੍ਹਾਂ ਦੇ ਮਰਹੂਮ ਪਤੀ ਫਿਲਿਪ, ‘‘ਡਿਊਕ ਆਫ਼ ਐਡਿਨਬਰਗ’ ਨੂੰ ਸ਼ਰਧਾਂਜਲੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਰਾਜਕੁਮਾਰ ਫਿਲਿਪ ਦਾ ਇਸ ਸਾਲ ਅਪਰੈਲ ਵਿਚ ਦੇਹਾਂਤ ਹੋ ਗਿਆ ਸੀ। ਕੋਵਿਡ ਮਹਾਮਾਰੀ ਦੌਰਾਨ ਬਕਿੰਘਮ ਪੈਲੇਸ ਵਿਚ ਹੋਏ ਕਿਸੇ ਪ੍ਰੋਗਰਾਮ ’ਚ ਮਹਾਰਾਣੀ ਪਹਿਲੀ ਵਾਰ ਮੌਜੂਦ ਸਨ।