ਮੁੰਬਈ:ਅਦਾਕਾਰ ਮਨੋਜ ਬਾਜਪਾਈ ਤੇ ਰਾਜਕੁਮਾਰ ਰਾਓ ਦੀ ਫਿਲਮ ‘ਅਲੀਗੜ੍ਹ’ ਨੂੰ ਰਿਲੀਜ਼ ਹੋਇਆਂ ਅੱਜ ਸੱਤ ਸਾਲ ਹੋ ਗਏ ਹਨ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਹੰਸਲ ਮਹਿਤਾ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਅਲੀਗੜ੍ਹ’ ਨੇ ਸੱਤ ਸਾਲ ਮੁਕੰਮਲ ਕੀਤੇ। ਇਸ ਫਿਲਮ ਨਾਲ ਜੁੜੀਆਂ ਪਿਆਰ, ਅਪਣੱਤ ਤੇ ਇਕੱਲ ਭਰੀਆਂ ਯਾਦਾਂ ਮੇਰੇ ਲਈ ਸਦਾ ਹੀ ਮਾਣ ਵਾਲੇ ਅਹਿਸਾਸ ਬਣ ਕੇ ਰਹਿਣਗੀਆਂ। ਮਨੋਜ ਬਾਜਪਾਈ ਤੇ ਰਾਜਕੁਮਾਰ ਰਾਓ ਦੀ ਅਦਾਕਾਰੀ, ਅਪੂਰਵ ਅਸਰਾਨੀ ਦੀ ਐਡੀਟਿੰਗ, ਸੱਤਿਆ ਰਾਏ ਨਾਗਪਾਲ ਦੀ ਸਿਨੇਮੈਟੋਗ੍ਰਾਫ਼ੀ ਤੇ ਹੋਰਨਾਂ ਸਭ ਸਾਥੀਆਂ ਦੀ ਮਿਹਨਤ ਨਾਲ ਇਸ ਫਿਲਮ ਨੂੰ ਉਹ ਮਜ਼ਬੂਤ ਆਧਾਰ ਪ੍ਰਾਪਤ ਹੋ ਸਕਿਆ ਹੈ, ਜਿਸ ਸਦਕਾ ਫਿਲਮ ਨੇ ਕਈ ਐਵਾਰਡ ਹਾਸਲ ਕੀਤੇ ਹਨ।’ ਇਹ ਫਿਲਮ 2016 ਵਿੱਚ ਰਿਲੀਜ਼ ਕੀਤੀ ਗਈ ਸੀ, ਜਿਸ ਮਗਰੋਂ ਇਸ ਦੀ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ ਸੀ। ਨਿਰਦੇਸ਼ਕ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਪ੍ਰਸ਼ੰਸਕ ਨੇ ਕਿਹਾ, ‘ਬਹੁਤ ਹੀ ਖ਼ਾਸ ਫਿਲਮ। ਇਹ ਫਿਲਮ ਹੰਸਲ ਮਹਿਤਾ ਦੀਆਂ ਸਭ ਤੋਂ ਬਿਹਤਰੀਨ ਫਿਲਮਾਂ ਵਿੱਚੋਂ ਇੱਕ ਹੈ।’ ਇੱਕ ਹੋਰ ਨੇ ਕਿਹਾ, ‘ਇਹ ਫਿਲਮ ਬਣਾਉਣ ਲਈ ਮੈਂ ਸਦਾ ਹੀ ਤੁਹਾਡਾ ਪ੍ਰਸ਼ੰਸਕ ਰਹਾਂਗਾ।’