ਰਣਦੀਪ ਅੱਠਵੀਂ ਜਮਾਤ ਵਿੱਚ ਸੀ ਤੇ ਉਸ ਦੀ ਭੈਣ ਹਰਦੀਪ ਨੌਵੀਂ ਜਮਾਤ ਵਿੱਚ ਸੀ। ਰਣਦੀਪ ਉਨ੍ਹਾਂ ਬੱਚਿਆਂ ਵਿੱਚੋਂ ਇੱਕ ਸੀ ਜਿਹੜੇ ਸਵੇਰੇ ਦੇਰ ਨਾਲ ਉੱਠਦੇ ਸਨ। ਅਧਿਆਪਕਾਂ ਵੱਲੋਂ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਮਨਮਰਜ਼ੀ ਨਾਲ ਹੀ ਲਗਾਉਂਦੇ ਸਨ। ਜਿਹੜੇ ਅਧਿਆਪਕਾਂ ਵੱਲੋਂ ਭੇਜੇ ਗਏ ਕੰਮ ਨੂੰ ਆਪਣੀਆਂ ਕਾਪੀਆਂ ’ਤੇ ਬਹੁਤ ਘੱਟ ਉਤਾਰਦੇ ਸਨ। ਜਿਹੜੇ ਅਧਿਆਪਕਾਂ ਵੱਲੋਂ ਲਏ ਜਾਣ ਵਾਲੇ ਆਨਲਾਈਨ ਟੈਸਟ ਨਕਲ ਮਾਰ ਕੇ ਭੇਜ ਦਿੰਦੇ ਸਨ ਜਾਂ ਫੇਰ ਕਈ ਵਾਰ ਭੇਜਦੇ ਹੀ ਨਹੀਂ ਸਨ। ਜਿਹੜੇ ਕਦੇ ਵੀ ਕਿਤਾਬਾਂ ਨੂੰ ਹੱਥ ਨਹੀਂ ਲਗਾਉਂਦੇ ਸਨ, ਪਰ ਹਰਦੀਪ ਆਪਣੇ ਭਰਾ ਰਣਦੀਪ ਤੋਂ ਬਿਲਕੁਲ ਉਲਟ ਸੀ। ਉਹ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਜਾਂਦੀ ਸੀ। ਸਮੇਂ ਸਿਰ ਨਾਸ਼ਤਾ ਕਰ ਲੈਂਦੀ ਸੀ। ਉਹ ਆਪਣੇ ਸਕੂਲ ਵੱਲੋਂ ਭੇਜੇ ਗਏ ਟਾਈਮ ਮੁਤਾਬਕ ਸਾਰੇ ਅਧਿਆਪਕਾਂ ਦੀਆਂ ਆਨਲਾਈਨ ਕਲਾਸਾਂ ਲਗਾਉਂਦੀ ਸੀ।

ਉਹ ਹਰ ਵਿਸ਼ੇ ਦਾ ਕੰਮ ਆਪਣੀ ਕਾਪੀ ’ਤੇ ਉਤਾਰ ਲੈਂਦੀ ਸੀ। ਉਹ ਕੋਈ ਵੀ ਟੈਸਟ ਬਿਨਾਂ ਯਾਦ ਕੀਤੇ ਨਹੀਂ ਦਿੰਦੀ ਸੀ। ਉਹ ਕੋਈ ਟੈਸਟ ਛੱਡਦੀ ਵੀ ਨਹੀਂ ਸੀ। ਉਸ ਨੂੰ ਜੋ ਕੁਝ ਸਮਝ ਨਹੀਂ ਆਉਂਦਾ ਸੀ, ਉਸ ਨੂੰ ਉਹ ਆਪਣੇ ਅਧਿਆਪਕਾਂ ਤੋਂ ਜਾਂ ਫੇਰ ਟਿਊਸ਼ਨ ’ਤੇ ਸਮਝ ਆਉਂਦੀ ਸੀ। ਦੂਜੇ ਪਾਸੇ ਰਣਦੀਪ ਦੇ ਮੰਮੀ-ਪਾਪਾ ਨੂੰ ਉਸ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਦਾ ਫੋਨ ਆਉਂਦਾ ਰਹਿੰਦਾ ਸੀ ਕਿ ਤੁਹਾਡਾ ਬੱਚਾ ਆਨਲਾਈਨ ਕਲਾਸ ਨਹੀਂ ਲਗਾਉਂਦਾ। ਉਹ ਟੈਸਟ ਨਹੀਂ ਭੇਜਦਾ। ਉਸ ਨੇ ਆਪਣੀਆਂ ਕਾਪੀਆਂ ਚੈੱਕ ਨਹੀਂ ਕਰਵਾਈਆਂ। ਉਸ ਦੀ ਟਿਊਸ਼ਨ ਵਾਲੀ ਅਧਿਆਪਕ ਦੀ ਵੀ ਹਰ ਤੀਜੇ ਦਿਨ ਕੋਈ ਨਾ ਕੋਈ ਸ਼ਿਕਾਇਤ ਜ਼ਰੂਰ ਹੁੰਦੀ ਸੀ। ਰਣਦੀਪ ਦੀ ਮੰਮੀ ਜਦੋਂ ਉਸ ਨੂੰ ਸਮਝਾਉਂਦੀ ਹੋਈ ਕਹਿੰਦੀ, ‘ਜਿਸ ਦਿਨ ਦੇ ਸਕੂਲ ਬੰਦ ਹੋਏ ਹਨ, ਉਦੋਂ ਦੀਆਂ ਤੇਰੀਆਂ ਆਦਤਾਂ ਬਹੁਤ ਜ਼ਿਆਦਾ ਵਿਗੜ ਗਈਆਂ ਹਨ। ਹਰ ਸਮੇਂ ਤੇਰਾ ਧਿਆਨ ਖੇਡਣ ਵਿੱਚ ਹੀ ਰਹਿੰਦਾ ਹੈ। ਤੂੰ ਪੜ੍ਹਾਈ ਵਿੱਚ ਪੱਛੜਦਾ ਜਾ ਰਿਹਾ ਹੈ। ਜਿਸ ਦਿਨ ਸਕੂਲ ਖੁੱਲ੍ਹ ਗਏ ਉਸ ਦਿਨ ਤੈਨੂੰ ਆਪਣੀ ਗ਼ਲਤੀ ਲਈ ਪਛਤਾਉਣਾ ਪਵੇਗਾ। ਤੈਨੂੰ ਆਪਣੀ ਭੈਣ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।’ ਪਰ ਉਹ ਆਪਣੀ ਮੰਮੀ ਦੀ ਨਸੀਹਤ ’ਤੇ ਅਮਲ ਕਰਨ ਦੀ ਬਜਾਏ ਉਨ੍ਹਾਂ ਨਾਲ ਰੁੱਸ ਜਾਂਦਾ ਅਤੇ ਰੋਟੀ ਛੱਡ ਬੈਠਦਾ। ਉਸ ਦੇ ਪਾਪਾ ਵੀ ਜਦੋਂ ਉਸ ਨੂੰ ਸਮਝਾਉਂਦੇ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਕੇ ਜਾਂ ਫੇਰ ਝੂਠ ਬੋਲ ਕੇ ਗੱਲ ਆਈ ਗਈ ਕਰ ਦਿੰਦਾ।

ਉਹ ਉਸ ਦੇ ਸਕੂਲ ਖੁੱਲ੍ਹਣ ਦੀ ਉਡੀਕ ਕਰਨ ਲੱਗੇ। ਇੱਕ ਦਿਨ ਸਕੂਲ ਵੀ ਖੁੱਲ੍ਹ ਗਏ। ਸਤੰਬਰ ਮਹੀਨੇ ਦੀ ਪ੍ਰੀਖਿਆ ਸ਼ੁਰੂ ਹੋ ਗਈ। ਹੁਣ ਪੇਪਰ ਆਨਲਾਈਨ ਨਹੀਂ ਸਗੋਂ ਸਕੂਲ ਵਿੱਚ ਹੋਣੇ ਸਨ। ਪਹਿਲਾ ਪਰਚਾ ਅੰਗਰੇਜ਼ੀ ਦਾ ਸੀ। ਹਰਦੀਪ ਚਾਈਂ ਚਾਈਂ ਪੇਪਰ ਦੇਣ ਜਾ ਰਹੀ ਸੀ, ਪਰ ਰਣਦੀਪ ਦਾ ਚਿਹਰਾ ਉਤਰਿਆ ਹੋਇਆ ਸੀ ਕਿਉਂਕਿ ਉਸ ਕੋਲ ਪਰਚੇ ਦੀ ਤਿਆਰੀ ਕਰਨ ਲਈ ਨਾ ਤਾਂ ਕਾਪੀ ਸੀ ਤੇ ਨਾ ਹੀ ਉਸ ਨੂੰ ਕੁਝ ਆਉਂਦਾ ਸੀ। ਉਹ ਸਕੂਲ ਨਾ ਜਾਣ ਦਾ ਕੋਈ ਬਹਾਨਾ ਵੀ ਨਹੀਂ ਲਗਾ ਸਕਦਾ ਸੀ ਕਿਉਂਕਿ ਪ੍ਰੀਖਿਆ ਦੇਣੀ ਜ਼ਰੂਰੀ ਸੀ। ਉਹ ਵੀ ਉਨ੍ਹਾਂ ਬੱਚਿਆਂ ਵਾਂਗ ਪਰਚਾ ਕਰਨ ਦੀ ਬਜਾਏ ਇੱਧਰ ਉੱਧਰ ਝਾਕ ਰਿਹਾ ਸੀ ਜਿਹੜੇ ਪੜ੍ਹਕੇ ਨਹੀਂ ਆਏ ਸੀ। ਅਧਿਆਪਕ ਉਨ੍ਹਾਂ ਨੂੰ ਝਿੜਕ ਵੀ ਰਿਹਾ ਸੀ।

ਜਦੋਂ ਉਹ ਅਤੇ ਹਰਦੀਪ ਪਰਚਾ ਦੇ ਕੇ ਘਰ ਪਹੁੰਚੇ ਤਾਂ ਉਸ ਦਾ ਚਿਹਰਾ ਉਤਰਿਆ ਹੋਇਆ ਸੀ ਤੇ ਹਰਦੀਪ ਖ਼ੁਸ਼ ਸੀ ਕਿਉਂਕਿ ਉਸ ਦਾ ਪਰਚਾ ਬਹੁਤ ਵਧੀਆ ਹੋਇਆ ਸੀ। ਉਸ ਨੂੰ ਪਹਿਲੇ ਦਿਨ ਹੀ ਆਪਣੇ ਮੰਮੀ ਦੀ ਨਸੀਹਤ ਯਾਦ ਆਉਣੀ ਸ਼ੁਰੂ ਹੋ ਗਈ ਸੀ। ਉਸ ਦੇ ਪਰਚੇ ਖ਼ਤਮ ਹੋਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਉਸ ਅਤੇ ਉਸ ਵਰਗੇ ਬੱਚਿਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਖੜ੍ਹਾ ਕਰਕੇ ਦੂਜੇ ਬੱਚਿਆਂ ਨੂੰ ਦੱਸਿਆ ਕਿ ਇਹ ਉਹ ਬੱਚੇ ਹਨ ਜਿਨ੍ਹਾਂ ਨੇ ਸਕੂਲ ਬੰਦ ਹੋਣ ਦੌਰਾਨ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਦਾ ਕਹਿਣਾ ਨਹੀਂ ਮੰਨਿਆ। ਇਹ ਮਿਹਨਤ ਕਰਨਾ ਹੀ ਭੁੱਲ ਗਏ ਸਨ। ਸਤੰਬਰ ਮਹੀਨੇ ਦੀ ਪ੍ਰੀਖਿਆ ਵਿੱਚ ਇਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਬੱਚਿਓ! ਅਕਲ ਮੁੱਲ ਨਹੀਂ ਵਿਕਦੀ, ਇਹ ਸਿੱਖਣੀ ਪੈਂਦੀ ਹੈ। ਜਿਹੜੇ ਬੱਚਿਆਂ ਪੱਲੇ ਅਕਲ ਹੁੰਦੀ ਹੈ, ਉਹ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਦਾ ਕਹਿਣਾ ਮੰਨ ਕੇ ਮਿਹਨਤ ਕਰਨਾ ਨਹੀਂ ਛੱਡਦੇ। ਉਨ੍ਹਾਂ ਦੀ ਕਾਰਗੁਜ਼ਾਰੀ ਵੀ ਵਧੀਆ ਹੁੰਦੀ ਹੈ। ਜੇਕਰ ਅਗਲੀ ਪ੍ਰੀਖਿਆ ਵਿੱਚ ਇਨ੍ਹਾਂ ਬੱਚਿਆਂ ਨੇ ਮਿਹਨਤ ਨਾ ਕੀਤੀ ਤਾਂ ਇਨ੍ਹਾਂ ਨੂੰ ਸਾਲਾਨਾ ਪ੍ਰੀਖਿਆ ਨਹੀਂ ਦੇਣ ਦਿੱਤੀ ਜਾਵੇਗੀ।

ਰਣਦੀਪ ਨੂੰ ਹੁਣ ਅਕਲ ਆ ਚੁੱਕੀ ਸੀ। ਉਸ ਨੇ ਘਰ ਆ ਕੇ ਰੋਣਾ ਸ਼ੁਰੂ ਕਰ ਦਿੱਤਾ। ਹਰਦੀਪ ਨੇ ਆਪਣੀ ਮੰਮੀ ਨੂੰ ਉਸ ਦੇ ਰੋਣ ਦਾ ਕਾਰਨ ਦੱਸਿਆ। ਉਸ ਨੇ ਆਪਣੀ ਮੰਮੀ ਨਾਲ ਵਾਅਦਾ ਕੀਤਾ ਕਿ ਉਹ ਆਪਣੀ ਭੁੱਲ ਸੁਧਾਰ ਕੇ ਮਿਹਨਤ ਕਰਨੀ ਸ਼ੁਰੂ ਕਰ ਦੇਵੇਗਾ। ਉਸ ਦੀ ਮੰਮੀ ਨੇ ਉਸ ਨੂੰ ਕਿਹਾ, ‘ਬੇਟਾ, ਗ਼ਲਤੀਆਂ ਹੀ ਮਨੁੱਖ ਨੂੰ ਸਿੱਧੇ ਰਾਹ ’ਤੇ ਪਾਉਂਦੀਆਂ ਹਨ। ਹੁਣ ਤੂੰ ਵੀ ਮਿਹਨਤ ਦਾ ਪੱਲਾ ਫੜ ਤੇ ਜ਼ਿੰਦਗੀ ਵਿੱਚ ਅੱਗੇ ਵਧ।

ਪ੍ਰਿੰਸੀਪਲ ਵਿਜੈ ਕੁਮਾਰ