ਹੈਦਰਾਬਾਦ: ਅਦਾਕਾਰ ਰਾਣਾ ਡੱਗੂਬਾਤੀ ਛੇਤੀ ਹੀ ਆਪਣੇ ਪ੍ਰਾਜੈਕਟ ‘ਭੀਮਲਾ ਨਾਇਕ’ ਵਿੱਚ ਮਸ਼ਹੂਰ ਤੇਲਗੂ ਸਟਾਰ ਅਤੇ ਸਿਆਸਤਦਾਨ ਪਵਨ ਕਲਿਆਣ ਨਾਲ ਕੰਮ ਕਰਦਾ ਨਜ਼ਰ ਆਵੇਗਾ। ਰਾਣਾ ਦੇ ਕਿਰਦਾਰ ਬਾਰੇ ਹਾਲੇ ਬਹੁਤਾ ਖੁਲਾਸਾ ਨਹੀਂ ਕੀਤਾ ਗਿਆ ਪਰ ਉਹ ਪਵਨ ਕਲਿਆਣ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ‘ਭੀਮਲਾ ਨਾਇਕ’ ਮਲਿਆਲਮ ਫਿਲਮ ‘’’ਅਯੱਪਯੁਮ ਕੋਸ਼ਯਮ’ ਦਾ ਤੇਲਗੂ ਰੀਮੇਕ ਹੈ, ਜਿਸ ਵਿੱਚ ਪਵਨ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਪਵਨ ਨਾਲ ਕੰਮ ਕਰਨ ਬਾਰੇ ਰਾਣਾ ਨੇ ਕਿਹਾ, ‘‘ਪਵਨ ਕਲਿਆਣ ਵਰਗੇ ਵੱਡੇ ਕਲਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਸ਼ਾਨਦਾਰ ਤਜਰਬਾ ਰਿਹਾ। ਇੰਨੇ ਵੱਡੇ ਪੱਧਰ ਦੀ ਫਿਲਮ ਵਿੱਚ ਉਸ ਨਾਲ ਕੰਮ ਕਰਨ ਲਈ ਮੈਂ ਸ਼ੁਕਰਗੁਜ਼ਾਰ ਹਾਂ। ਕਰੋਨਾ ਮਗਰੋਂ ਹੁਣ ਜਦੋਂ ਫਿਲਮਾਂ ਦੀਆਂ ਸ਼ੂਟਿੰਗਾਂ ਮੁੜ ਸ਼ੁਰੂ ਹੋ ਗਈਆਂ ਹਨ ਤਾਂ ਮੈਂ ਵੀ ਇਨ੍ਹਾਂ ਵਿੱਚ ਕੰਮ ਕਰਨ ਲਈ ਤਿਆਰ ਹਾਂ।’’ ਇਸ ਤੋਂ ਇਲਾਵਾ ਰਾਣਾ ਆਪਣੀ ਫਿਲਮ ‘ਵਿਰਾਟਪਰਵਮ’ ਦੀ ਰਿਲੀਜ਼ ਵੀ ਉਡੀਕ ਰਿਹਾ ਹੈ, ਜਿਸ ਵਿੱਚ ਅਦਾਕਾਰਾ ਸਾਈ ਪੱਲਵੀ ਨੇ ਉਸ ਨਾਲ ਮੁੱਖ ਭੂਮਿਕਾ ਨਿਭਾਈ ਹੈ। ਅਦਾਕਾਰ ਅਨੁਸਾਰ ਉਸ ਦੇ ਆਉਣ ਵਾਲੇ ਸਾਰੇ ਪ੍ਰਾਜੈਕਟ ਕਾਫੀ ਦਿਲਚਸਪ ਹਨ। ਰਾਣਾ ਵੱਲੋਂ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਐਟਲੀ ਦੇ ਨਿਰਦੇਸ਼ਨ ਹੇਠ ਕੰਮ ਕਰਨ ਦੀ ਵੀ ਚਰਚਾ ਚੱਲ ਰਹੀ ਹੈ ਹਾਲਾਂਕਿ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਸ਼ਾਹਰੁਖ, ਨਯਨਤਾਰਾ ਅਤੇ ਪ੍ਰਿਯਾਮਨੀ ਨਾਲ ਫਿਲਮ ਦੀ ਸ਼ੂਟਿੰਗ ਵਿੱਚ ਸ਼ਾਮਲ ਹੋ ਸਕਦਾ ਹੈ।