ਰਿਆਦ, 12 ਸਤੰਬਰ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਮਜ਼ਬੂਤ ​​ਦਾਅਵੇਦਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਰੱਖਿਆ ਕੌਂਸਲ ਨੂੰ ਨਾ ਸਿਰਫ਼ ਕੌਮਾਂਤਰੀ ਸੁਰੱਖਿਆ ਕਾਇਮ ਰੱਖਣ ਦੇ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਸਗੋਂ ਸਮੇਂ ਦਾ ਹਾਣੀ ਬਣੇ ਰਹਿਣ ਲਈ ਵੀ ਬਦਲਦੇ ਆਲਮੀ ਹਾਲਾਤ ਦੇ ਯੋਗ ਹੋਣਾ ਚਾਹੀਦਾ ਹੈ। ਜੈਸ਼ੰਕਰ ਵਿਦੇਸ਼ ਮੰਤਰੀ ਵਜੋਂ ਸਾਊਦੀ ਅਰਬ ਦੀ ਆਪਣੀ ਪਹਿਲੀ ਯਾਤਰਾ ‘ਤੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਸੁਰੱਖਿਆ ਕੌਂਸਲ ਵਿੱਚ ਸੁਧਾਰ ਲਈ ਯਤਨਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕੌਂਸਲ ਆਪਣੇ ਮੌਜੂਦਾ ਰੂਪ ਵਿੱਚ 21ਵੀਂ ਸਦੀ ਦੇ ਭੂ-ਰਾਜਨੀਤਿਕ ਹਾਲਾਤ ਦੀ ਯੋਗ ਅਗਵਾਈ ਨਹੀਂ ਕਰਦੀ।

ਜੈਸ਼ੰਕਰ ਨੇ ਕਿਹਾ ਕਿ ਸੁਰੱਖਿਆ ਕੌਂਸਲ ਵਿੱਚ ਸੁਧਾਰ ਦੀ ਲੋੜ ‘ਤੇ ਵਿਆਪਕ ਵਿਸ਼ਵ-ਸਹਿਮਤੀ ਹੈ, ਕਿਉਂਕਿ ਸੰਸਥਾ ਖਾਸ ਤੌਰ ’ਤੇ ਵਿਸ਼ਵ ਦੀਆਂ ਲੋੜਾਂ ਦੀ ਤਰਜਮਾਨੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕੌਂਸਲ ਦਾ ਵਿਸਥਾਰ ਨਾ ਸਿਰਫ਼ ਭਾਰਤ ਦੇ ਹੱਕ ਵਿੱਚ ਹੈ, ਸਗੋਂ ਗੈਰ-ਨੁਮਾਇੰਦਗੀ ਵਾਲੇ ਹੋਰਨਾਂ ਖੇਤਰਾਂ ਦੇ ਵੀ ਪੱਖ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਰਤ ਸਭ ਤੋਂ ਵੱਡੇ ਲੋਕਤੰਤਰ, ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ, ਪਰਮਾਣੂ ਊਰਜਾ, ਤਕਨਾਲੋਜੀ ਹੱਬ ਅਤੇ ਗਲੋਬਲ ਕੁਨੈਕਟੀਵਿਟੀ ਦੀ ਪਰੰਪਰਾ ਵਾਲੇ ਦੇਸ਼ ਵਜੋਂ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਮਜ਼ਬੂਤ ​​ਦਾਅਵੇਦਾਰ ਹੈ। ਕੌਂਸਲ ਨੂੰ ਨਾ ਸਿਰਫ਼ ਕੌਮਾਂਤਰੀ ਸੁਰੱਖਿਆ ਨੂੰ ਕਾਇਮ ਰੱਖਣ ਦੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ, ਸਗੋਂ ਪ੍ਰਸੰਗਿਕ ਬਣੇ ਰਹਿਣ ਲਈ ਵੀ ਬਦਲਦੇ ਆਲਮੀ ਹਾਲਾਤ ਦੇ ਅਨੁਕੂਲ ਹੋਣਾ ਚਾਹੀਦਾ ਹੈ।