ਮੁੰਬਈ, 5 ਅਗਸਤ

ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਫ਼ਿਲਮ ‘ਮੌਮ’ ਵਿੱਚ ਭੂਮਿਕਾ ਨਿਭਾਉਣ ਵਾਲੀ ਪਾਕਿਸਤਾਨੀ ਅਦਾਕਾਰਾ ਸਜਲ ਅਲੀ ਨੇ ਆਖਿਆ ਕਿ ਉਸ ਦਾ ਨਵਾਂ ਸ਼ੋਅ ‘ਧੂਪ ਕੀ ਦੀਵਾਰ’ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਕੀਤਾ ਗਿਆ ਹੈ ਅਤੇ ਇਹ ਸ਼ੋਅ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਇਕਜੁਟਤਾ ਦਾ ਸੁਨੇਹਾ ਦਿੰਦਾ ਹੈ। ਇਸ ਸ਼ੋਅ ਦੀ ਕਹਾਣੀ ਇੱਕ ਪਰਿਵਾਰ ਦੇ ਦੁਆਲੇ ਘੁੰਮਦੀ ਹੈ, ਜਿਸ ਨੇ ਦੇਸ਼ ਵੰਡ ਦੌਰਾਨ ਬਹੁਤ ਕੁਝ ਗੁਆਇਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਰਹੱਦਾਂ ਮਹਿਜ਼ ਸਾਡੇ ਵੱਲੋਂ ਉਸਾਰੀਆਂ ਕੰਧਾਂ ਹਨ। ਭਾਰਤ ਦੇ ਰਹਿਣ ਵਾਲੇ ਵਿਸ਼ਾਲ ਤੇ ਪਾਕਿਸਤਾਨੀ ਵਸਨੀਕ ਸਾਰਾ ਦੀ ਜ਼ਿੰਦਗੀ ਇਕੋ ਜਿਹੀ ਹੈ, ਕਿਉਂਕਿ ਜੰਗ ਦੌਰਾਨ ਉਨ੍ਹਾਂ ਆਪਣੇ ਪਿਤਾ ਗੁਆਏ ਹਨ ਅਤੇ ਇਹੀ ਸਾਂਝਾ ਦੁੱਖ ਉਨ੍ਹਾਂ ਦੀ ਦੋਸਤੀ ਦੀ ਬੁਨਿਆਦ ਬਣਦਾ ਹੈ। ਇਸ ਸ਼ੋਅ ਦਾ ਨਿਰਦੇਸ਼ਨ ਹਸੀਬ ਹਸਨ ਨੇ ਕੀਤਾ ਹੈ ਜਦਕਿ ਕਹਾਣੀ ਉਮਰਾ ਅਹਿਮਦ ਨੇ ਲਿਖੀ ਹੈ। ਸਜਲ ਨੇ ਆਖਿਆ,‘‘ਧੂਪ ਕੀ ਦੀਵਾਰ ਅਜਿਹਾ ਪ੍ਰਾਜੈਕਟ ਹੈ ਜਿਹੜਾ ਦੋ ਮੁਲਕਾਂ ਵਿਚਾਲੇ ਅਮਨ ਤੇ ਇਕਜੁੱਟਤਾ ਪੈਦਾ ਕਰਦਾ ਹੈ। ਮੈਂ ਨਿਰਦੇਸ਼ਕ ਦੀ ਅਦਾਕਾਰਾ ਹਾਂ। ਇਸ ਲਈ ਮੇਰਾ ਪੰਜਾਹ ਫੀਸਦੀ ਕੰਮ ਨਿਰਦੇਸ਼ਕ ’ਤੇ ਨਿਰਭਰ ਕਰਦਾ ਸੀ ਕਿ ਉਹ ਮੇਰੇ ਤੋਂ ਕੀ ਉਮੀਦ ਕਰਦੇ ਹਨ ਪਰ ਬਾਕੀ ਕੰਮ ਮੈਂ ਆਪਣੀ ਲੋੜ ਅਨੁਸਾਰ ਕੀਤਾ। ‘ਧੂਪ ਕੀ ਦੀਵਾਰ’ ਦੇ ਫ਼ਿਲਮਾਂਕਣ ਦੌਰਾਨ ਨਿਰਦੇਸ਼ਕ ਹਸੀਬ ਹਸਨ ਨੇ ਮੇਰੀ ਇਹ ਸਮਝਣ ਵਿੱਚ ਮਦਦ ਕੀਤੀ ਕਿ ਸਾਰਾ ਅਸਲੀ ਜ਼ਿੰਦਗੀ ਵਿੱਚ ਕਿਵੇਂ ਦੀ ਸੀ। ਉਹ ਇੱਕ ਦਲੇਰ ਤੇ ਸੂਝਵਾਨ ਕੁੜੀ ਸੀ ਤੇ ਉਹ ਬਹੁਤ ਜਜ਼ਬਾਤੀ ਵੀ ਸੀ।