ਵਾਸ਼ਿੰਗਟਨ, 26 ਅਗਸਤ

ਭਾਰਤ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿੱਚ ਯੂਕਰੇਨ ਬਾਰੇ ਇਕ ‘ਪ੍ਰਕਿਰਿਆਤਮਕ ਵੋਟਿੰਗ’ ਦੌਰਾਨ ਪਹਿਲੀ ਵਾਰ ਰੂਸ ਖ਼ਿਲਾਫ਼ ਵੋਟ ਪਾਈ। ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸੁਰੱਖਿਆ ਕੌਂਸਲ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਇਸ ਦੌਰਾਨ ਇਕ ਵੀਡੀਓ-ਟੈਲੀਕਾਨਫ਼ਰੰਸ ਰਾਹੀਂ ਮੀਟਿੰਗ ਨੂੰ ਸੰਬੋਧਨ ਕਰਨ ਦਾ ਸੱਦਾ ਦਿੱਤਾ।

ਰੂਸ ਦੀ ਫ਼ੌਜ ਨੇ ਫਰਵਰੀ ਵਿੱਚ ਯੂਕਰੇਨ ’ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਯੂਕਰੇਨ ਦੇ ਮਾਮਲੇ ’ਤੇ ਭਾਰਤ ਨੇ ਪਹਿਲੀ ਵਾਰ ਰੂਸ ਖ਼ਿਲਾਫ਼ ਵੋਟ ਪਾਈ ਹੈ। ਹਾਲੇ ਤੱਕ ਨਵੀਂ ਦਿੱਲੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਯੂਕਰੇਨ ਦੇ ਮਾਮਲੇ ਤੋਂ ਬਚਦੀ ਰਹੀ ਹੈ, ਜਿਸ ਕਰ ਕੇ ਅਮਰੀਕਾ ਸਣੇ ਪੱਛਮੀ ਦੇਸ਼ ਨਾਖੁਸ਼ ਹਨ। ਯੂਕਰੇਨ ’ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ’ਤੇ ਸਖਤ ਆਰਥਿਕ ਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ।

ਭਾਰਤ ਦੋ ਸਾਲਾਂ ਲਈ ਯੂਐੱਨਐੱਸਸੀ ਦਾ ਅਸਥਾਈ ਮੈਂਬਰ ਹੈ। ਉਸ ਦਾ ਕਾਰਜਕਾਲ ਦਸੰਬਰ ਵਿੱਚ ਖ਼ਤਮ ਹੋਵੇਗਾ। ਸੁਰੱਖਿਆ ਕੌਂਸਲ ਨੇ ਯੂਕਰੇਨ ਦੀ ਆਜ਼ਾਦੀ ਦੀ 31ਵੀਂ ਵਰ੍ਹੇਗੰਢ ਮੌਕੇ ਛੇ ਮਹੀਨੇ ਤੋਂ ਚੱਲ ਰਹੀ ਜੰਗ ਦੀ ਸਮੀਖਿਆ ਲਈ ਬੁੱਧਵਾਰ ਨੂੰ ਇਕ ਮੀਟਿੰਗ ਕੀਤੀ।

ਜਿਵੇਂ ਹੀ ਮੀਟਿੰਗ ਸ਼ੁਰੂ ਹੋਈ, ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਵੈਸਿਲੀ ਏ ਨੈਬੇਨਜ਼ੀਆ ਨੇ ਵੀਡੀਓ-ਟੈਲੀ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਜ਼ੇਲੈਂਸਕੀ ਦੀ ਸ਼ਮੂਲੀਅਤ ਸਬੰਧੀ ਅਮਲੀ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੌਂਸਲ ਨੇ ਇਸ ਸੱਦੇ ਦੇ ਪੱਖ ਵਿੱਚ 13 ਵੋਟਾਂ ਪਾ ਕੇ ਜ਼ੇਲੈਂਸਕੀ ਨੂੰ ਮੀਟਿੰਗ ’ਚ ਵੀਡੀਓ ਟੈਲੀ-ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਨ ਦਾ ਸੱਦਾ ਦਿੱਤਾ, ਜਦਕਿ ਰੂਸ ਨੇ ਇਸ ਸੱਦੇ ਖ਼ਿਲਾਫ਼ ਵੋਟ ਪਾਈ ਅਤੇ ਚੀਨ ਨੇ ਵੋਟ ਹੀ ਨਹੀਂ ਪਾਈ।