ਨਵੀਂ ਦਿੱਲੀ,  2 ਦਸੰਬਰ

ਭਾਰਤ ਤੇ ਅਮਰੀਕਾ ਵਲੋਂ ਉਤਰਾਖੰਡ ਵਿਚ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਚੀਨ ਨੇ ਅਸਲ ਕੰਟਰੋਲ ਰੇਖਾ ਨੇੜੇ ਇਨ੍ਹਾਂ ਮਸ਼ਕਾਂ ’ਤੇ ਇਤਰਾਜ਼ ਜਤਾਇਆ ਸੀ ਪਰ ਅੱਜ ਭਾਰਤ ਨੇ ਚੀਨ ਦੇ ਇਤਰਾਜ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਕਿਸੇ ਤੀਜੇ ਦੇਸ਼ ਨੂੰ ਇਸ ਮਾਮਲੇ ’ਤੇ ਵੀਟੋ ਕਰਨ ਦਾ ਅਧਿਕਾਰ ਨਹੀਂ ਦਿੰਦਾ। ਚੀਨ ਦੇ ਇਤਰਾਜ਼ਾਂ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਔਲੀ ’ਚ ਅਮਰੀਕਾ ਨਾਲ ਸਾਂਝੀਆਂ ਫੌਜੀ ਮਸ਼ਕਾਂ ਦਾ ਚੀਨ ਨਾਲ 1993 ਅਤੇ 1996 ਦੇ ਸਮਝੌਤਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਇਹ ਇਤਰਾਜ਼ ਚੀਨ ਵਲੋਂ ਉਠਾਏ ਗਏ ਸਨ, ਇਸ ਕਰ ਕੇ ਮੈਨੂੰ ਇਸ ਗੱਲ ’ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਚੀਨ ਨੂੰ 1993 ਅਤੇ 1996 ਦੇ ਸਮਝੌਤਿਆਂ ਦੀ ਆਪਣੀ ਕੀਤੀ ਉਲੰਘਣਾ ਬਾਰੇ ਸੋਚਣ ਦੀ ਜ਼ਰੂਰਤ ਹੈ।’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘ਭਾਰਤ ਜਿਸ ਨਾਲ ਵੀ ਚਾਹੁੰਦਾ ਹੈ, ਮਸ਼ਕਾ ਕਰਦਾ ਹੈ ਅਤੇ ਉਹ ਇਨ੍ਹਾਂ ਮੁੱਦਿਆਂ ’ਤੇ ਤੀਜੇ ਦੇਸ਼ਾਂ ਨੂੰ ਵੀਟੋ ਨਹੀਂ ਦਿੰਦਾ।’ ਜ਼ਿਕਰਯੋਗ ਹੈ ਕਿ 1993 ਦਾ ਸਮਝੌਤਾ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਚੀਨ ਨਾਲ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਬਣਾਈ ਰੱਖਣ ਨਾਲ ਸਬੰਧਿਤ ਹੈ, ਜਦਕਿ 1996 ਦਾ ਸਮਝੌਤਾ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਚੀਨ ਨਾਲ ਫੌਜੀ ਖੇਤਰ ਵਿੱਚ ਵਿਸ਼ਵਾਸ ਪੈਦਾ ਕਰਨ ਨਾਲ ਸਬੰਧਿਤ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੀਨ ਨੇ ਕਿਹਾ ਸੀ ਕਿ ਉਹ ਭਾਰਤ ਤੇ ਅਮਰੀਕਾ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਦਾ ਵਿਰੋਧ ਕਰਦਾ ਹੈ। ਚੀਨ ਨੇ ਦਾਅਵਾ ਕੀਤਾ ਸੀ ਕਿ ਇਹ ਭਾਰਤ ਤੇ ਚੀਨ ਵਿਚਾਲੇ ਹੋਏ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਹੈ। ਦੱਸਣਾ ਬਣਦਾ ਹੈ ਕਿ ਭਾਰਤ ਤੇ ਅਮਰੀਕਾ ਵਲੋਂ ਅਸਲ ਕੰਟਰੋਲ ਰੇਖਾ ਤੋਂ ਲਗਪਗ 100 ਕਿਲੋਮੀਟਰ ਦੂਰ ਔਲੀ ਵਿੱਚ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ।