ਨਵੀਂ ਦਿੱਲੀ, 29 ਸਤੰਬਰ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਕਈ ਖੇਤਰਾਂ ਵਿੱਚ ਭਾਰਤ ਦੀ ਅਗਵਾਈ ਨੂੰ ਹੁਣ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਦੇਸ਼ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਮੋਹਰੀ ਹੋ ਕੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਵਿਦੇਸ਼ ਸੇਵਾ (2021 ਬੈਚ) ਦੇ ਟਰੇਨੀ ਅਧਿਕਾਰੀਆਂ ਦੇ ਸਮੂਹ ਨੂੰ ਰਾਸ਼ਟਰਪਤੀ ਭਵਨ ਵਿੱਚ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਭਾਰਤ ਦੀ ਮਜ਼ਬੂਤ ਸਥਿਤੀ ਹੋਰ ਕਾਰਕਾਂ ਨੇ ਨਾਲ ਉਸ ਦੇ ਆਰਥਿਕ ਪ੍ਰਦਰਸ਼ਨ ’ਤੇ ਆਧਾਰਤ ਹੈ। ਰਾਸ਼ਟਰਪਤੀ ਨੇ ਕਿਹਾ, ‘‘ਦੁਨੀਆਂ ਦੇ ਪ੍ਰਮੁੱਖ ਅਰਥਚਾਰੇ ਅਜੇ ਵੀ ਮਹਾਮਾਰੀ ਦੇ ਪ੍ਰਭਾਵਾਂ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਧਰ ਭਾਰਤ ਇਕ ਵਾਰ ਫਿਰ ਉੱਠ ਖੜ੍ਹਾ ਹੋਇਆ ਅਤੇ ਅੱਗੇ ਵਧਣ ਲੱਗਿਆ ਹੈ। ਇਸ ਦੇ ਨਤੀਜੇ ਵਜੋਂ ਭਾਰਤੀ ਅਰਥਚਾਰਾ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਦੇ ਅਰਥਚਾਰਿਆਂ ’ਚੋਂ ਇਕ ਵਜੋਂ ਉੱਭਰਿਆ ਹੈ।’’