ਟੋਕੀਓ, 7 ਅਗਸਤ-ਇਥੇ ਭਾਰਤ ਦੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਪੁਰਸ਼ਾਂ ਦੇ ਜੈੈਵੇਲਿਨ ਥ੍ਰੋਅ ਫਾਈਨਲ ਵਿੱਚ ਸੋਨ ਤਗਮਾ ਜਿੱਤ ਲਿਆ। ਉਸ ਨੇ 87.58 ਮੀਟਰ ਜੈਵੇਲਿਨ ਸੁੱਟ ਕੇ ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨ ਤਗਮਾ ਜਿਤਾਇਆ। ਭਾਰਤ ਨੇ ਓਲੰਪਿਕਸ ਅੰਦਰ ਅਥਲੈਟਿਕਸ ਵਿੱਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਹੈ। ਨੀਰਜ ਭਾਰਤ ਵੱਲੋਂ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਹੈ। ਉਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਪੇਈਚਿੰਗ ਓਲੰਪਿਕਸ- 2008 ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਸੋਨ ਤਗਮੇ ਨਾਲ ਭਾਰਤ ਦਾ ਓਲੰਪਿਕਸ ਖੇਡਾਂ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਨੇ ਤਗਮੇ ਓਲੰਪਿਕਸ ਵਿੱਚ ਨਹੀਂ ਜਿੱਤੇ। ਭਾਰਤ ਹੁਣ ਤੱਕ ਟੋਕੀਓ ਓਲੰਪਿਕਸ ਵਿੱਚ ਇਕ ਸੋਨ, ਦੋ ਚਾਂਦੀ ਤੇ ਚਾਰ ਕਾਂਸੀ ਸਣੇ ਕੁੱਲ 7 ਤਗਮੇ ਜਿੱਤ ਚੁੱਕਿਆ ਹੈ।