ਨਵੀਂ ਦਿੱਲੀ, 30 ਨਵੰਬਰ

ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਧਾਰਿਤ ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਹੇਠਾਂ ਖਿਸਕ ਕੇ 6.3 ਫੀਸਦ ਰਹਿ ਗਈ ਹੈ। ਮੁੱਖ ਰੂਪ ਵਿੱਚ ਉਤਪਾਦਨ ਤੇ ਖਣਨ ਖੇਤਰਾਂ ਵਿੱਚ ਕਮਜ਼ੋਰ ਪ੍ਰਦਰਸ਼ਨ ਕਰਕੇ ਵਿਕਾਸ ਦਰ ਸੁਸਤ ਪਈ ਹੈ। ਹਾਲਾਂਕਿ ਭਾਰਤ ਅਜੇ ਵੀ ਕੁੱਲ ਆਲਮ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਦਰ ਹਾਸਲ ਕਰਨ ਵਾਲਾ ਅਰਥਚਾਰਾ ਬਣਿਆ ਹੋਇਆ ਹੈ। ਵਿੱਤੀ ਸਾਲ 2022-23 ਵਿੱਚ ਜੁਲਾਈ-ਸਤੰਬਰ ਦੀ ਦੂਜੀ ਤਿਮਾਹੀ ਵਿੱਚ ਚੀਨ ਦੀ ਵਿਕਾਸ 3.9 ਫੀਸਦ ਰਹੀ ਹੈ। ਉਧਰ, ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਚਾਲੂ ਵਿੱਤੀ ਸਾਲ ਵਿੱਚ 6.8 ਤੋਂ 7.0 ਫੀਸਦੀ ਆਰਥਿਕ ਵਿਕਾਸ ਦਰ ਹਾਸਲ ਕਰਨ ਦੇ ਰਾਹ ਵੱਲ ਵਧ ਰਹੀ ਹੈ। ਕਾਂਗਰਸ ਨੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ’ਚ ਨਿਘਾਰ ਲਈ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਭਾਜਪਾ ਸਰਕਾਰ ਬਾਹਰੀ ਕਾਰਕਾਂ ਨੂੰ ਲੈ ਕੇ ਮਜਬੂਰ ਹੈ ਜਦੋਂਕਿ ਅੰਦਰੂਨੀ ਕਾਰਕਾਂ ਬਾਰੇ ਉਹ ਖੁ਼ਦ ਇਨਕਾਰੀ ਹੈ।