ਨਵੀਂ ਦਿੱਲੀ, 6 ਅਗਸਤ

ਪੂਰਬੀ ਲੱਦਾਖ ਦੇ ਗੋਗਰਾ ਟਕਰਾਅ ਬਿੰਦੂ ‘ਤੇ ਤਕਰੀਬਨ 15 ਮਹੀਨਿਆਂ ਦੇ ਆਹਮੋ-ਸਾਹਮਣੇ ਹੋਣ ਤੋਂ ਬਾਅਦ ਭਾਰਤ ਅਤੇ ਚੀਨ ਨੇ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰ ਦਿੱਤੀ ਹੈ। ਭਾਰਤੀ ਥਲ ਸੈਨਾ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਫ਼ੌਜ ਨੇ ਕਿਹਾ ਕਿ ਫ਼ੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ 4 ਅਤੇ 5 ਅਗਸਤ ਨੂੰ ਕੀਤੀ ਗਈ ਅਤੇ ਦੋਵਾਂ ਧਿਰਾਂ ਦੇ ਸੈਨਿਕ ਹੁਣ ਆਪੋ-ਆਪਣੇ ਸਥਾਈ ਟਿਕਾਣਿਆਂ ‘ਤੇ ਹਨ।